ਆਪਣਾ ਪੰਜਾਬ ਮੀਡਿਆ : ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਅਮਰੀਕਾ ਵੱਲੋਂ ਇਰਾਨ ਦੇ ਸਭ ਤੋਂ ਉੱਚੇ ਪੁਲ ‘ਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਜਦਕਿ 95 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲੋਕ ਨੌਰੋਜ਼ (ਪਾਰਸੀ ਨਵੇਂ ਸਾਲ) ਦੇ ਅਖੀਰਲੇ ਦਿਨ ਖੁੱਲ੍ਹੇ ਵਿੱਚ ਜਸ਼ਨ ਮਨਾ ਰਹੇ ਸਨ।
ਇਹ ਪੁਲ, ਜੋ ਤੇਹਰਾਨ ਅਤੇ ਕਰਾਜ਼ ਨੂੰ ਜੋੜਦਾ ਹੈ, ਮੱਧ-ਪੂਰਬ ਦੇ ਸਭ ਤੋਂ ਉੱਚੇ ਢਾਂਚਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਅਮਰੀਕਾ ਨੇ ਦਾਅਵਾ ਕੀਤਾ ਕਿ ਇਸਦਾ ਇਸਤੇਮਾਲ ਮਿਸਾਈਲ ਅਤੇ ਡਰੋਨ ਸਪਲਾਈ ਲਈ ਕੀਤਾ ਜਾ ਰਿਹਾ ਸੀ, ਜਦਕਿ ਇਰਾਨ ਨੇ ਇਸਨੂੰ ਨਾਗਰਿਕ ਢਾਂਚਾ ਦੱਸਦੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ “ਨਾਗਰਿਕ ਢਾਂਚੇ ‘ਤੇ ਹਮਲਾ ਦੁਸ਼ਮਣ ਦੀ ਨੈਤਿਕ ਹਾਰ ਨੂੰ ਦਰਸਾਉਂਦਾ ਹੈ।” ਇਰਾਨ ਨੇ ਇਸ ਹਮਲੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਾਰ ਦਿੱਤਾ ਹੈ ਅਤੇ ਵੱਡੇ ਪੱਧਰ ‘ਤੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਕਾਰਵਾਈ ਇਰਾਨ ਦੀ ਸੈਨਿਕ ਸਮਰੱਥਾ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਇਰਾਨ ਨੇ ਸਮਝੌਤਾ ਨਾ ਕੀਤਾ ਤਾਂ ਹੋਰ ਬੁਨਿਆਦੀ ਢਾਂਚਿਆਂ ‘ਤੇ ਹਮਲੇ ਹੋ ਸਕਦੇ ਹਨ।

