ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ’ਤੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਛਾਪਿਆਂ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਤਾਂ ਇਨ੍ਹਾਂ ਛਾਪਿਆਂ ਤੋਂ ਡਰੇਗੀ ਅਤੇ ਨਾ ਹੀ ਕਿਸੇ ਦਬਾਅ ਅੱਗੇ ਝੁਕੇਗੀ। ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਹੁਣ ਸੰਜੀਵ ਅਰੋੜਾ ਦੇ ਘਰ ’ਤੇ ਛਾਪਿਆਂ ਨਾਲ ਭਾਜਪਾ ਨੇ ਸੂਬੇ ’ਚ ਚੋਣ ਮੁਹਿੰਮ ਵਿੱਢ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਸੂਬੇ ’ਚ 117 ਉਮੀਦਵਾਰ ਨਹੀਂ ਲੱਭ ਰਹੇ, ਜਿਸ ਕਰ ਕੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਜਪਾ ਨੂੰ ਦਬਾਅ ਦੀਆਂ ਚਾਲਾਂ ਦੀ ਬਜਾਏ ਲੋਕਾਂ ਵਿੱਚ ਕੰਮ ਕਰ ਕੇ 2027 ਦੀ ਤਿਆਰੀ ਕਰਨ ਲਈ ਕਿਹਾ। ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਗ਼ੈਰ-ਭਾਜਪਾਈ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਕਦੇ ਕੇਂਦਰੀ ਫੰਡ ਰੋਕੇ ਜਾਂਦੇ ਹਨ ਅਤੇ ਕਦੇ ਰਾਜਪਾਲਾਂ ਜ਼ਰੀਏ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਸੀ ਅਤੇ ਅਦਾਲਤ ਨੇ ਮੰਨਿਆ ਕਿ ਕੇਸ ਚਲਾਉਣਾ ਨਹੀਂ ਬਣਦਾ ਸੀ। ਇਹ ਲੋਕਤੰਤਰ ਨਹੀਂ, ਤਾਨਾਸ਼ਾਹੀ ਹੈ।

