USA News


Canada News

International News

Follow Us

India News

Sports

LIVE TV

LATEST NEWS

ਨੇਵੀ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

ਅਮਰੀਕਾ ਦਾ ਇਕ ਨੇਵੀ ਸਿਖਲਾਈ ਹਵਾਈ ਜਹਾਜ਼ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਫਲੋਰੀਡਾ ਤੋਂ ਉਡਾਣ ਭਰਨ ਦੇ ਬਾਅਦ ਖਾੜ੍ਹੀ ਤਟ ਕੋਲ ਅਲਬਾਮਾ ਨੇੜੇ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ। ਅਮਰੀਕੀ ਸਮੁੰਦਰੀ ਫ਼ੌਜ ਮੁਤਾਬਕ ਅਲਬਾਮਾ ਕੋਲ ਦੋ ਸੀਟਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿਚ ਦੋ ਕਰੂ ਮੈਂਬਰ ਸਵਾਰ ਸਨ ਅਤੇ ਦੋਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਹਾਦਸਾ ਇਕ ਰਿਹਾਇਸ਼ੀ ਖੇਤਰ ਨੇੜੇ ਵਾਪਰਿਆ। ਇਸ ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਦਸੇ ਵਿਚ ਮਾਰੇ ਗਏ ਦੋਵੇਂ ਪਾਇਲਟਾਂ ਦੇ ਨਾਂ ਅਜੇ ਸਾਂਝੇ ਨਹੀਂ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਨੇਵੀ ਦਾ ਟੀ-68 ਜਹਾਜ਼ ਅਲਬਾਮਾ ਦੇ ਫਾਲੇ ਵਿਚ ਤਕਰੀਬਨ ਸ਼ਾਮ 5 ਵਜੇ ਦੁਰਘਨਾ ਦਾ ਸ਼ਿਕਾਰ ਹੋਇਆ।


ਕੰਧ ਨੂੰ ਚੀਰਦੀ ਹੋਈ ਆਈ ਗੋਲੀ, ਘਰ 'ਚ ਪੜ੍ਹ ਰਹੀ ਬੱਚੀ ਦੇ ਸਿਰ 'ਚ ਵੱਜੀ

ਅਮਰੀਕਾ ਦੇ ਉੱਤਰੀ-ਪੂਰਬੀ ਇੰਡੀਆਨਾ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 8 ਸਾਲਾ ਬੱਚੀ ਘਰ ਵਿਚ ਪੜ੍ਹਾਈ ਕਰ ਰਹੀ ਸੀ ਕਿ ਅਚਾਨਕ ਇਕ ਗੋਲੀ ਉਸ ਦੇ ਘਰ ਦੀ ਕੰਧ ਨੂੰ ਚੀਰਦੀ ਹੋਈ ਉਸ ਦੇ ਸਿਰ ਵਿਚ ਲੱਗ ਗਈ। ਇਸ ਦੇ ਬਾਅਦ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਦੀ ਤਾਜ਼ਾ ਹਾਲਤ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਕੋਈ ਵਿਅਕਤੀ ਘਰ ਦੇ ਬਾਹਰ ਗੋਲੀਆਂ ਚਲਾ ਰਿਹਾ ਸੀ ਤੇ ਇਹ ਗੋਲੀ ਕੰਧ ਨੂੰ ਚੀਰਦੀ ਹੋਈ ਘਰ ਵਿਚ ਆਈ ਤੇ ਬੱਚੀ ਦੇ ਸਿਰ ਵਿਚ ਲੱਗੀ। ਪੁਲਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਭ ਅਚਾਨਕ ਹੋਇਆ ਹੋਵੇਗਾ। ਈਸਟ ਸ਼ਿਕਾਗੋ ਪੁਲਸ ਮੁਤਾਬਕ ਬੱਚੀ ਮੈਗੋਆਨ ਅਵੈਨਿਊ ਵਿਚ ਆਪਣੇ ਘਰ ਵਿਚ ਬੈਠੀ ਪੜ੍ਹ ਰਹੀ ਸੀ ਤੇ ਰਾਤ 10 ਕੁ ਵਜੇ ਉਸ ਦੇ ਸਿਰ ਵਿਚ ਗੋਲੀ ਲੱਗੀ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੇ ਆਟੋਮੈਟਿਕ ਹਥਿਆਰ ਨਾਲ ਉਸ ਬੱਚੀ ਦੇ ਘਰ ਦੇ ਬਾਹਰ 16 ਰਾਊਂਡ ਫਾਇਰ ਕੀਤੇ ਤੇ ਇਕ ਗੋਲੀ ਬੱਚੀ ਦੇ ਲੱਗ ਗਈ। ਅਜੇ ਤੱਕ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਇਸ ਅਜੀਬ ਮਾਮਲੇ ਨਾਲ ਲੋਕਾਂ ਵਿਚ ਦਹਿਸ਼ਤ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ। 


6 ਸਾਲਾ ਬੱਚੀ ਦੇ ਪੀੜਤ ਪਰਿਵਾਰ ਨੂੰ ਮਿਲੀ ਮਹਿਲਾ ਕਮਿਸ਼ਨ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਪਿੰਡ ਜਲਾਲਪੁਰ ਵਿੱਚ 6 ਸਾਲਾ ਬੱਚੀ ਨਾਲ ਵਾਪਰੀ ਘਟਨਾ 'ਤੇ ਪੀੜਤ ਪਰਿਵਾਰ ਨਾਲ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਆਉਂਦੇ ਕੁਝ ਦਿਨਾਂ ਦੇ ਅੰਦਰ-ਅੰਦਰ ਚਾਲਾਨ ਅਦਾਲਤ ਵਿੱਚ ਪੇਸ਼ ਕਰੇ ਤਾਂ ਜੋ ਦੋਸ਼ੀਆਂ ਨੂੰ ਮਿਸਾਲੀਆ ਸਜ਼ਾ ਯਕੀਨੀ ਬਣਾਈ ਜਾ ਸਕੇ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਹੌਲਨਾਕ ਘਟਨਾ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੁਆਉਣ ਲਈ ਅਦਾਲਤ ਨੂੰ ਦਰਖਾਸਤ ਕੀਤੀ ਜਾਵੇਗੀ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ 'ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਅਤੇ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੇ ਨਾਲ-ਨਾਲ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਪੀੜਤ ਮਾਪਿਆਂ ਦੀਆਂ ਬਾਕੀਆਂ ਬੱਚੀਆਂ ਦੀ ਮੁਫ਼ਤ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇਗਾ।ਜ਼ਿਲ੍ਹਾ ਪੁਲਿਸ ਵਲੋਂ ਘਟਨਾ ਤੋਂ ਤੁਰੰਤ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਤਫਤੀਸ਼ ਨੂੰ ਜੰਗੀ ਪੱਧਰ 'ਤੇ ਅਮਲ ਵਿੱਚ ਲਿਆਉਣ ਦੀ ਸ਼ਲਾਘਾ ਕਰਦਿਆਂ ਚੇਅਰਪਰਸਨ ਗੁਲਾਟੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ਉਤੇ ਕਲੰਕ ਹਨ ਜਿਨ੍ਹਾਂ ਦੇ ਜੜ੍ਹੋਂ ਖਾਤਮੇ ਲਈ ਸਾਰੇ ਤਬਕਿਆਂ ਨੂੰ ਇਕਮੁੱਠ ਹੋ ਕੇ ਬੱਚਿਆਂ ਨਾਲ ਹੁੰਦੇ ਘਿਨੌਣੇ ਅਤਿਆਚਾਰਾਂ ਖਿਲਾਫ਼ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਉਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਵਿਦਿਅਕ ਅਦਾਰਿਆਂ ਅਤੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬੇਝਿੱਜਕ ਅਜਿਹੀਆਂ ਸ਼ਰਮਨਾਕ ਅਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਚੰਗੇ-ਮਾੜੇ ਵਿੱਚ ਫਰਕ ਨੂੰ ਸਲੀਕੇ ਨਾਲ ਸਮਝਾਉਣ ਤਾਂ ਜੋ ਬੱਚੇ, ਜੇਕਰ ਉਨ੍ਹਾਂ ਨਾਲ ਕੋਈ ਸਰੀਰਕ ਛੇੜਛਾੜ ਕਰਦਾ ਹੈ ਤਾਂ ਉਸ ਖਿਲਾਫ਼ ਆਵਾਜ਼ ਬੁਲੰਦ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕ ਸਹਿਯੋਗ ਅਤੇ ਜਾਗਰੂਕਤਾ ਤੋਂ ਬਿਨ੍ਹਾਂ ਠੱਲੀਆਂ ਨਹੀਂ ਜਾ ਸਕਦੀਆਂ ਜਿਸ ਲਈ ਸਾਰਿਆਂ ਦਾ ਸਹਿਯੋਗ ਅਤਿ ਲੋੜੀਂਦਾ ਹੈ।ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ 'ਤੇ ਅਸਹਿ ਤੇ ਅਕਹਿ ਦੁੱਖ ਦੀ ਘੜੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਪੂਰੀ ਬਾਰੀਕੀ ਅਤੇ ਗੰਭੀਰਤਾ ਨਾਲ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਜਿਸ ਨਾਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਅਤੇ ਮਿਸਾਲੀਆ ਸਜ਼ਾ ਦੁਆਉਣ ਲਈ ਰਾਹ ਪੱਧਰਾ ਹੋਵੇਗਾ। ਪੀੜਤ ਪਰਿਵਾਰ ਨਾਲ ਮੁਲਾਕਾਤ ਉਪਰੰਤ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਸਾਰੇ ਪੱਖਾਂ ਤੋਂ ਜਾਂਚ ਮੁਕੰਮਲ ਕੀਤੀ ਜਾ ਰਹੀ ਹੈ  ਜਿਸ ਉਪਰੰਤ ਆਉਂਦੇ ਦੋ-ਚਾਰ ਦਿਨਾਂ ਅੰਦਰ ਦੋਸ਼ੀਆਂ ਖਿਲਾਫ਼ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਐਕਸ਼ਨ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਹੁਣ ਪੁਲਿਸ ਵਲੋਂ ਮਾਮਲੇ ਦੀ ਤੇਜ਼ੀ ਨਾਲ ਅਦਾਲਤੀ ਸੁਣਵਾਈ ਲਈ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਨਿਆਂ ਦੁਆਇਆ ਜਾ ਸਕੇ।
Lifestyle