ਆਪਣਾ ਪੰਜਾਬ ਮੀਡੀਆ : ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਾਮਦਾਨੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਗ੍ਰੇਸੀ ਮੈਨਸ਼ਨ’ ਦੇ ਬਾਹਰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਹੰਗਾਮਾ ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ‘ਐਪਸਟਾਈਨ ਫਾਈਲਾਂ’ ਵਿੱਚ ਉਨ੍ਹਾਂ ਦੀ ਮਾਂ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਮੀਰਾ ਨਾਇਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੋਇਆ। ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਮੀਰਾ ਨਾਇਰ 2009 ਵਿੱਚ ਜੈਫਰੀ ਐਪਸਟਾਈਨ ਦੀ ਸਹਿਯੋਗੀ ਅਤੇ ਸੈਕਸ ਟ੍ਰੈਫਿਕਰ ਘਿਸਲੇਨ ਮੈਕਸਵੈੱਲ ਦੇ ਘਰ ਇੱਕ ਫਿਲਮ ਦੀ ‘ਆਫਟਰ ਪਾਰਟੀ’ ਵਿੱਚ ਸ਼ਾਮਲ ਹੋਈ ਸੀ। ਇਸ ਪਾਰਟੀ ਵਿੱਚ ਬਿਲ ਕਲਿੰਟਨ ਅਤੇ ਜੈਫ ਬੇਜ਼ੋਸ ਵਰਗੀਆਂ ਹਸਤੀਆਂ ਵੀ ਮੌਜੂਦ ਸਨ।
ਮੇਅਰ ਮਮਦਾਨੀ ਦੇ ਘਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਮੈਗਾਫੋਨ ਰਾਹੀਂ “Shame on You” ਦੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਨੂੰ ਤੁਹਾਡੀ ਮਾਂ ਬਾਰੇ ਪਤਾ ਲੱਗ ਗਿਆ ਹੈ” ਅਤੇ ਦਾਅਵਾ ਕੀਤਾ ਕਿ ਉਹ ਮਾਮਦਾਨੀ ਨੂੰ ਵੋਟ ਪਾ ਕੇ ਪਛਤਾ ਰਹੇ ਹਨ। 34 ਸਾਲਾ ਮਾਮਦਾਨੀ ਨੇ 1 ਜਨਵਰੀ ਨੂੰ ਨਿਊਯਾਰਕ ਦੇ ਸਭ ਤੋਂ ਘੱਟ ਉਮਰ ਦੇ ਅਤੇ ਪਹਿਲੇ ਮੁਸਲਿਮ ਮੇਅਰ ਵਜੋਂ ਅਹੁਦਾ ਸੰਭਾਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਈਮੇਲ ਮੀਰਾ ਨਾਇਰ ਦੀ 2009 ਦੀ ਫਿਲਮ ‘ਅਮੇਲੀਆ’ ਦੀ ਸਕ੍ਰੀਨਿੰਗ ਤੋਂ ਬਾਅਦ ਹੋਈ ਪਾਰਟੀ ਨਾਲ ਸਬੰਧਤ ਹੈ।

