ਆਪਣਾ ਪੰਜਾਬ ਮੀਡੀਆ: ਭਾਰਤੀ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਘੁਸਪੈਠ ਦੀ ਕੋਸ਼ਿਸ਼ ਜਾਰੀ ਹੈ। ਇਸ ਨੂੰ ਰੋਕਣ ਲਈ ਭਾਰਤ ਨੇ ਸਖ਼ਤ ਰਵੱਈਆ ਅਪਣਾਇਆ ਹੈ। ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (DGMO) ਨੂੰ ਕੜੀ ਚਿਤਾਵਨੀ ਦਿੱਤੀ ਗਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਨਰਲ ਦਿਵੇਦੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਫ਼ੋਨ ’ਤੇ ਗੱਲਬਾਤ ਹੋਈ। ਭਾਰਤ ਨੇ ਸਾਫ਼ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ ਅੱਠ ਡਰੋਨ ਨਜ਼ਰ ਆਏ ਹਨ। ਸ਼ੱਕ ਹੈ ਕਿ ਇਹ ਡਰੋਨ ਫੌਜ ਦੀ ਚੌਕਸੀ ਪਰਖਣ ਲਈ ਭੇਜੇ ਗਏ ਸਨ। ਕੁਝ ਡਰੋਨ ਅਤਿਵਾਦੀ ਘੁਸਪੈਠ ਲਈ ਰਸਤਾ ਤਲਾਸ਼ ਰਹੇ ਸਨ।
ਫੌਜੀ ਸੂਤਰਾਂ ਮੁਤਾਬਕ ਐਤਵਾਰ ਸ਼ਾਮ ਨੂੰ ਜੰਮੂ ਖੇਤਰ ਵਿੱਚ ਪੰਜ ਵਾਰ ਡਰੋਨ ਘੁਸਪੈਠ ਹੋਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੱਕ ਡਰੋਨ ਨੇ ਹਥਿਆਰ ਸੁੱਟੇ। ਇਸ ਵਿੱਚ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ ਇੱਕ ਗ੍ਰਨੇਡ ਸ਼ਾਮਲ ਸਨ।
ਜਨਰਲ ਦਿਵੇਦੀ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਹਾਲੇ ਵੀ ਜਾਰੀ ਹੈ। ਦੁਸ਼ਮਣ ਦੀ ਹਰ ਹਿਮਾਕਤ ਦਾ ਤੁਰੰਤ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਨਾਲ ਲੱਗਦੀ LAC ’ਤੇ ਸਥਿਤੀ ਸਥਿਰ ਹੈ, ਪਰ ਲਗਾਤਾਰ ਚੌਕਸੀ ਜ਼ਰੂਰੀ ਹੈ।

