ਆਪਣਾ ਪੰਜਾਬ ਮੀਡੀਆ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਬੁੱਧਵਾਰ ਨੂੰ ਅਮਰੀਕਾ ਦੀ 3 ਦਿਨਾ ਯਾਤਰਾ ਸ਼ੁਰੂ ਕੀਤੀ, ਜਿਸ ਵਿਚ ਉਹ ਅਮਰੀਕੀ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੇ ਵਪਾਰ ਅਤੇ ਰੱਖਿਆ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਪੱਛਮੀ ਏਸ਼ੀਆ ਸੰਕਟ ਸਮੇਤ ਵਿਸ਼ਵ ਪੱਧਰੀ ਘਟਨਾਵਾਂ ’ਤੇ ਚਰਚਾ ਕਰਨਗੇ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਵਿਦੇਸ਼ ਸਕੱਤਰ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਯਾਤਰਾ ਭਾਰਤ-ਅਮਰੀਕਾ ਭਾਈਵਾਲੀ ਦੇ ਵੱਡੇ ਦਾਇਰੇ ਦੀ ਸਮੀਖਿਆ ਕਰਨ ਦਾ ਮੌਕਾ ਦੇਵੇਗੀ।
ਮਿਸਰੀ ਦੀ ਇਹ ਯਾਤਰਾ ਅਮਰੀਕਾ ਤੇ ਈਰਾਨ ਵਿਚਾਲੇ ਹਾਲ ਹੀ ਵਿਚ ਹੋਈ 2 ਹਫ਼ਤਿਆਂ ਦੀ ਸ਼ਰਤ-ਸਹਿਤ ਜੰਗਬੰਦੀ ਤੋਂ ਕੁਝ ਘੰਟਿਆਂ ਬਾਅਦ ਹੋ ਰਹੀ ਹੈ। ਰਾਜਦੂਤ ਕਵਾਤਰਾ ਨੇ ਕਿਹਾ ਕਿ ਇਸ ਦੌਰਾਨ ਵਪਾਰ, ਰੱਖਿਆ, ਤਕਨੀਕ ਅਤੇ ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਜਾਵੇਗਾ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਹ ਦੌਰਾ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਪ੍ਰਮੁੱਖ ਖੇਤਰਾਂ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗਾ। ਵਿਦੇਸ਼ ਸਕੱਤਰ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ’ਤੇ ਵੀ ਚਰਚਾ ਕਰ ਸਕਦੇ ਹਨ।

