ਆਪਣਾ ਪੰਜਾਬ ਮੀਡੀਆ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ (ਟੀਡੀਐਸਬੀ) ਨੇ ਵਿਦਿਆਰਥੀਆਂ ਦੀ ਘਟਦੀ ਗਿਣਤੀ ਅਤੇ ਵਿੱਤੀ ਦਬਾਅ ਦੇ ਚੱਲਦੇ 200 ਤੋਂ ਵੱਧ ਪ੍ਰਸ਼ਾਸਕੀ ਅਹੁਦੇ ਖਤਮ ਕਰਨ ਦਾ ਐਲਾਨ ਕੀਤਾ ਹੈ। ਬੋਰਡ ਦੇ ਬੁਲਾਰੇ ਰਾਇਨ ਬਰਡ ਮੁਤਾਬਕ 218 ਕੇਂਦਰੀ ਪ੍ਰਸ਼ਾਸਕੀ ਅਸਾਮੀਆਂ ਅਤੇ 91 ਖਾਲੀ ਅਹੁਦੇ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਸਕੂਲਾਂ ਅਤੇ ਕਲਾਸਰੂਮਜ਼ ਵਿੱਚ ਵਧੇਰੇ ਸਰੋਤ ਮੁਹੱਈਆ ਕਰਵਾਉਣ ਲਈ ਚੁੱਕਿਆ ਗਿਆ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕਟੌਤੀਆਂ ਦਾ ਅਸਰ ਕਲਾਸਰੂਮ ਅਧਿਆਪਕਾਂ ’ਤੇ ਨਹੀਂ ਪਵੇਗਾ।
ਹਾਲਾਂਕਿ ਪਿਛਲੇ ਮਹੀਨੇ ਟੀਡੀਐਸਬੀ ਨੇ 2026-27 ਸੈਸ਼ਨ ਲਈ ਲਗਭਗ 300 ਅਧਿਆਪਕ ਅਸਾਮੀਆਂ ਘਟਾਉਣ ਦੀ ਵੀ ਪੁਸ਼ਟੀ ਕੀਤੀ ਸੀ। ਓਨਟਾਰੀਓ ਸਰਕਾਰ ਵੱਲੋਂ ਟੀਡੀਐਸਬੀ ਸਮੇਤ ਅੱਠ ਸਕੂਲ ਬੋਰਡਾਂ ਨੂੰ ਇਸ ਸਮੇਂ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਚੁਣੇ ਹੋਏ ਟਰੱਸਟੀਆਂ ਦੀ ਗਿਣਤੀ ਵੀ ਘਟਾਈ ਜਾ ਰਹੀ ਹੈ ਅਤੇ ਨਵੇਂ ਗੈਰ-ਚੁਣੇ ਪ੍ਰਬੰਧਕੀ ਅਹੁਦੇ ਬਣਾਏ ਜਾਣਗੇ।ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸਕੂਲ ਬੋਰਡਾਂ ਵਿੱਚ ਵਿੱਤੀ ਬੇਤਰਤੀਬੀ ਨੂੰ ਰੋਕਣ ਅਤੇ ਲੰਬੇ ਸਮੇਂ ਲਈ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਲਿਆ ਜਾ ਰਿਹਾ ਹੈ।

