ਨੀਅਤ ਹੋਵੇ ਤਾਂ ਖਜ਼ਾਨੇ ਦੀ ਕਮੀ ਨਹੀਂ ਹੁੰਦੀ: ਮਾਨ

News Online
2 Min Read

ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਥੋਂ ਦੀ ਅਨਾਜ ਮੰਡੀ ਵਿੱਚ ਰੈਲੀ ਦੌਰਾਨ ਇਲਾਕਾ ਵਾਸੀਆਂ ਨੂੰ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਮੌਕੇ ਉਨ੍ਹਾਂ 300 ਕਿਲੋਮੀਟਰ ਨਵੀਆਂ ਸੜਕਾਂ ਬਣਾਉਣ ਅਤੇ 350 ਕਿਲੋਮੀਟਰ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਨ ਦੇ ਨੀਂਹ ਪੱਥਰ ਰੱਖੇ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਦੀਆਂ ਰਹੀਆਂ ਹਨ ਪਰ ‘ਆਪ’ ਸਰਕਾਰ ਨੇ ਸਵਾ ਚਾਰ ਸਾਲਾਂ ਵਿੱਚ ਇਹ ਸਾਬਤ ਕਰ ਦਿੱਤਾ ਹੈ ਕਿ ਨੀਅਤ ਸਾਫ਼ ਹੋਵੇ ਤਾਂ ਖਜ਼ਾਨੇ ਦੀ ਕੋਈ ਕਮੀ ਨਹੀਂ ਹੁੰਦੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਚੱਲ ਰਹੀ ਵਿਕਾਸ ਦੀ ਹਨੇਰੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

ਉਨ੍ਹਾਂ ਨੇ ਸਰਹੱਦੀ ਖੇਤਰਾਂ ਵਿੱਚ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੁਣ ਜੋ ਵੀ ਨਵਾਂ ਡਾਕਟਰ ਜਾਂ ਅਧਿਆਪਕ ਭਰਤੀ ਹੋਵੇਗਾ, ਉਸ ਲਈ ਪਹਿਲੇ ਦੋ ਸਾਲ ਸਰਹੱਦੀ ਇਲਾਕੇ ਵਿੱਚ ਸੇਵਾ ਨਿਭਾਉਣੀ ਲਾਜ਼ਮੀ ਹੋਵੇਗੀ। ਇਸ ਬਦਲੇ ਸਰਕਾਰ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਭੱਤੇ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਮੁਲਾਜ਼ਮ ਸਰਹੱਦੀ ਖੇਤਰਾਂ ਤੋਂ ਬਦਲੀ ਕਰਵਾਉਣ ਦੀ ਕਾਹਲ ਵਿੱਚ ਰਹਿੰਦੇ ਹਨ, ਜਿਸ ਕਾਰਨ ਇੱਥੋਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਨਵੀਂ ਨੀਤੀ ਨਾਲ ਇਹ ਸਮੱਸਿਆ ਹੱਲ ਹੋਵੇਗੀ।

Share This Article
Leave a Comment

Leave a Reply