ਆਪਣਾ ਪੰਜਾਬ ਮੀਡੀਆ : ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸਮਾਗਮਾਂ ਦਾ ਆਗਾਜ਼ ਅੱਜ ਪੰਜਾਬੀ ਯੂਨੀਵਰਸਿਟੀ ਤੋਂ ਹੋ ਗਿਆ ਹੈ। ਸਰਕਾਰ ਵੱਲੋਂ ਗੁਰੂ ਰਵਿਦਾਸ ਦੀ ਬਾਣੀ ਅਤੇ ਸਮਾਜਿਕ ਬਰਾਬਰੀ ਦੇ ਦਿੱਤੇ ਸੰਕਲਪ ਬਾਰੇ ਵਿਚਾਰ-ਚਰਚਾ ਕਰਵਾਉਣ ਲਈ ਸੂਬੇ ਵਿੱਚ ਕਈ ਥਾਈਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਅੱਜ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਸਰਕਾਰੀ ਸਮਾਗਮ ਵਿੱਚ ਭਾਰਤ ਨੂੰ ਗੁਰੂ ਰਵਿਦਾਸ ਦਾ ‘ਬੇਗਮਪੁਰਾ’ ਸੰਕਲਪ ਵਾਲਾ ਦੇਸ਼ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ‘ਆਪ’ ਪੰਜਾਬ ਦੇ ਸੂਬਾਈ ਇੰਚਾਰਜ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਯਤਨਾਂ ਦੇ ਬਾਵਜੂਦ ਸਮਾਨਤਾ ਸਬੰਧੀ ਸੰਕਲਪ ਤੋਂ ਹਾਲੇ ਦੇਸ਼ ਕੋਹਾਂ ਦੂਰ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ’ਚ ਅਧਿਆਤਮਿਕਤਾ ਦਾ ਮਾਹੌਲ ਸਿਰਜ ਕੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਦੇ ਸਮਾਜਿਕ ਕ੍ਰਾਂਤੀ ਵਾਲੇ ਸੰਦੇਸ਼ ਨਾਲ ਜੋੜਨ ਲਈ ਸਾਲ ਭਰ ਸਮਾਗਮ ਕਰਵਾਏ ਜਾਣਗੇ।
ਇਸ ਮੌਕੇ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਦੀ ਜਨਰਲ ਸਕੱਤਰ ਭੈਣ ਸੰਤੋਸ਼ ਨੇ ਵੀ ਸੰਬੋਧਨ ਕੀਤਾ। ਮੁੱਖ ਭਾਸ਼ਣ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਮਨਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ’ਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਦੇਸ਼ ਦੀ ਰਾਜਨੀਤੀ ਪੂਰੀ ਦੁਨੀਆਂ ਦੀ ਰਾਜਨੀਤੀ ਲਈ ਵੱਡੀ ਦੇਣ ਸਾਬਤ ਹੋ ਸਕਦੀ ਹੈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਸਾਰੇ ਪਿੰਡਾਂ ਅਤੇ ਵਾਰਡਾਂ ’ਚ ਡਾਕੂਮੈਂਟਰੀਆਂ ਦਿਖਾਉਣ ਸਮੇਤ ਚਾਰ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਜਾਣਗੀਆਂ। ਮੰਚ ਸੰਚਾਲਨ ਡਾ. ਭੀਮਇੰਦਰ ਨੇ ਕੀਤਾ। ਇਸ ਮੌਕੇ ਡੀ ਸੀ ਵਰਜੀਤ ਵਾਲੀਆ, ਵਿਧਾਇਕ ਚੇਤਨ ਜੌੜਾਮਾਜਰਾ, ਅਜੀਤਪਾਲ ਕੋਹਲੀ ਤੇ ਦੇਵ ਮਾਨ ਮੌਜੂਦ ਸਨ।

