ਆਪਣਾ ਪੰਜਾਬ ਮੀਡੀਆ : ਭਾਰਤ ਸਰਕਾਰ ਨੇ ਇਰਾਨ ਨਾਲ ਜੁੜੇ ਤਾਜ਼ਾ ਜੰਗੀ ਹਾਲਾਤ ਅਤੇ ਦੇਸ਼ ਦੀ ਸੁਰੱਖਿਆ ਸਬੰਧੀ ਮੁੱਦਿਆਂ ’ਤੇ ਚਰਚਾ ਲਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਵਿਸ਼ੇਸ਼ ਮੀਟਿੰਗ ਕੀਤੀ। ਐਤਵਾਰ ਦੇਰ ਰਾਤ ਹੋਈ ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦੇਸ਼ ਦੀ ਰਣਨੀਤਕ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਵੀ ਗੱਲਬਾਤ ਕੀਤੀ ਅਤੇ ਖਾੜੀ ਖੇਤਰ ਵਿੱਚ ਹੋਏ ਹਮਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਭਾਰਤ ਯੂਏਈ ਨਾਲ ਇਕਜੁੱਟ ਖੜ੍ਹਾ ਹੈ ਅਤੇ ਉੱਥੇ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਯੂਏਈ ਸਰਕਾਰ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਆਪਣੇ ਰਾਜਸਥਾਨ, ਗੁਜਰਾਤ, ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਦੋ ਦਿਨਾਂ ਦੌਰੇ ਤੋਂ ਵਾਪਸ ਆਉਣ ਮਗਰੋਂ ਸਿੱਧੇ ਇਸ ਉੱਚ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਸਮੇਤ ਫੌਜ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਵਣਜ ਮੰਤਰਾਲੇ ਨੇ ਭਲਕੇ ਇੱਕ ਵੱਖਰੀ ਬੈਠਕ ਸੱਦੀ ਹੈ, ਜਿਸ ਵਿੱਚ ਸਰਕਾਰ, ਬਰਾਮਦਕਾਰ ਅਤੇ ਸ਼ਿਪਿੰਗ ਕੰਪਨੀਆਂ ਹਿੱਸਾ ਲੈਣਗੀਆਂ। ਇਸ ਬੈਠਕ ਦੌਰਾਨ ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਭਾਰਤ ਦੇ ਵਪਾਰ ਅਤੇ ਆਰਥਿਕ ਹਿੱਤਾਂ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।

