ਆਪਣਾ ਪੰਜਾਬ ਮੀਡੀਆ : ਬਰਿਕਸ ਮੁਲਕਾਂ ਦੇ ਸਿਖਰਲੇ ਆਗੂ, ਜਿਨ੍ਹਾਂ ਵਿੱਚ ਰਵਾਇਤੀ ਵਿਰੋਧੀ ਇਰਾਨ ਤੇ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਸਨ, ਸ਼ੁੱਕਰਵਾਰ ਨੂੰ ਸਮੂਹ ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਬੈਠਕ ਮਗਰੋਂ ਕੋਈ ਸਾਂਝਾ ਐਲਾਨਨਾਮਾ ਜਾਰੀ ਕਰਨ ਵਿੱਚ ਨਾਕਾਮ ਰਹੇ। ਲਿਹਾਜ਼ਾ ਮੇਜ਼ਬਾਨ ਭਾਰਤ ਨੂੰ ‘ਚੇਅਰ ਦਾ ਬਿਆਨ’ ਜਾਰੀ ਕਰਨਾ ਪਿਆ ਤੇ ਮੈਂਬਰ ਮੁਲਕਾਂ ’ਚ ਵਖਰੇਵੇਂ ਜੱਗ ਜ਼ਾਹਰ ਹੋ ਗਏ। ਇਰਾਨ ਚਾਹੁੰਦਾ ਸੀ ਕਿ ਉੱਭਰਦੇ ਅਰਥਚਾਰਿਆਂ ਨਾਲ ਸਬੰਧਤ ਸਮੂਹ (ਬਰਿਕਸ) ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਜੰਗ ਦੀ ਨਿਖੇਧੀ ਕਰੇ। ਤਹਿਰਾਨ ਨੇ ਅਮਰੀਕੀ ਭਿਆਲ ਯੂ ਏ ਈ ਉੱਤੇ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਦੋਸ਼ ਲਾਇਆ।
ਮੇਜ਼ਬਾਨ ਭਾਰਤ ਨੇ ਦੋ ਰੋਜ਼ਾ ਬੈਠਕ ਮਗਰੋਂ ਜਾਰੀ ਬਿਆਨ ਤੇ ਨਤੀਜਾ ਦਸਤਾਵੇਜ਼ ਵਿੱਚ ਕਿਹਾ, ‘‘ਪੱਛਮੀ ਏਸ਼ੀਆ/ਮੱਧ ਪੂਰਬ ਖੇਤਰ ਦੇ ਹਾਲਾਤ ਮੁਤੱਲਕ ਕੁਝ ਮੈਂਬਰਾਂ ਦੇ ਵੱਖੋ-ਵੱਖਰੇ ਵਿਚਾਰ ਸਨ।’’ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਯੂ ਏ ਈ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਇਕ ਬਰਿਕਸ ਮੈਂਬਰ ਨੇ ਬਿਆਨ ਦੇ ਕੁਝ ਹਿੱਸਿਆਂ ਨੂੰ ਰੋਕ ਦਿੱਤਾ ਹੈ।
ਅਰਾਗ਼ਚੀ ਨੇ ਕਿਹਾ, ‘‘ਸਾਨੂੰ ਉਸ ਮੁਲਕ ਨਾਲ ਕੋਈ ਦਿੱਕਤ ਨਹੀਂ ਹੈ, ਮੌਜੂਦਾ ਜੰਗ ਵਿੱਚ ਉਹ ਸਾਡੇ ਨਿਸ਼ਾਨੇ ’ਤੇ ਸੀ। ਅਸੀਂ ਸਿਰਫ਼ ਉਨ੍ਹਾਂ ਅਮਰੀਕੀ ਫ਼ੌਜੀ ਅੱਡਿਆਂ ਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜੋ ਉਨ੍ਹਾਂ ਦੀ ਸਰਜ਼ਮੀਨ ਉੱਤੇ ਸਨ।’’ ਉਂਝ, ਅਰਾਗ਼ਚੀ ਨੇ ਆਸ ਜਤਾਈ ਕਿ ਬਰਿਕਸ ਆਗੂਆਂ ਦੀ ਸਾਲ ਦੇ ਅਖ਼ੀਰ ’ਚ ਹੋਣ ਵਾਲੀ ਬੈਠਕ ਦੌਰਾਨ ਚੀਜ਼ਾਂ ਬਦਲਣਗੀਆਂ। ਯੂ ਏ ਈ ਦੇ ਵਿਦੇਸ਼ ਮੰਤਰਾਲੇ ਨੇ ਅਰਾਗ਼ਚੀ ਦੀਆਂ ਇਨ੍ਹਾਂ ਟਿੱਪਣੀਆਂ ਦਾ ਫ਼ੌਰੀ ਕੋਈ ਜਵਾਬ ਨਹੀਂ ਦਿੱਤਾ।

