ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਿੱਖਿਆ ਪ੍ਰਬੰਧ ਨੂੰ ਅਰਥਚਾਰੇ ਦੀਆਂ ਅਸਲ ਲੋੜਾਂ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ) ਅਤੇ ਆਟੋਮੇਸ਼ਨ ਜਿਹੇ ਵਿਸ਼ਿਆਂ ’ਤੇ ਧਿਆਨ ਦੇਣਾ ਪਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਵਿੱਤੀ ਸਾਲ 2026-27 ਦੇ ਬਜਟ ਬਾਰੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਸਿੱਖਿਆ, ਹੁਨਰ ਵਿਕਾਸ, ਸਿਹਤ, ਸੈਰ-ਸਪਾਟਾ, ਖੇਡ ਤੇ ਸੱਭਿਆਚਾਰ ਜਿਹੇ ਖੇਤਰ ਇਸ ਨੂੰ ਸਾਕਾਰ ਕਰਨ ਦੇ ਅਹਿਮ ਮਾਧਿਅਮ ਹਨ। ਉਨ੍ਹਾਂ ਕਿਹਾ, ‘‘ਲੋਕਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ ਸਿਰਫ਼ ਇੱਕ ਵਿਸ਼ਾ ਨਹੀਂ ਹੈ, ਸਗੋਂ ਇਹ ਇਸ ਸਰਕਾਰ ਦਾ ਮੁੱਖ ਮਕਸਦ ਤੇ ਅਹਿਦ ਹੈ।’’ ਦੇਸ਼ ’ਚ ਸਿੱਖਿਆ ਨੂੰ ਰੁਜ਼ਗਾਰ ਤੇ ਉੱਦਮ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਕੌਮੀ ਸਿੱਖਿਆ ਨੀਤੀ ਬਾਜ਼ਾਰ ਦੀ ਮੰਗ ਤੇ ਅਸਲ ਜ਼ਰੂਰਤਾਂ ਅਨੁਸਾਰ ਸਿਲੇਬਸ ਤਿਆਰ ਕਰਨ ਦਾ ਮਜ਼ਬੂਤ ਆਧਾਰ ਮੁਹੱਈਆ ਕਰਦੀ ਹੈ, ਖਾਸ ਤੌਰ ’ਤੇ ਏ ਆਈ, ਆਟੋਮੇਸ਼ਨ ਅਤੇ ਡਿਜੀਟਲ ਅਰਥਚਾਰੇ ਜਿਹੇ ਖੇਤਰਾਂ ਵਿੱਚ। ਸਾਨੂੰ ਸਿੱਖਿਆ ਪ੍ਰਬੰਧ ਨੂੰ ਅਰਥਚਾਰੇ ਦੀਆਂ ਅਸਲ ਲੋੜਾਂ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨਾ ਹੋਵੇਗਾ।

