ਆਪਣਾ ਪੰਜਾਬ ਮੀਡੀਆ : ਨਿਊਯਾਰਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਏ 350 ਹਵਾਈ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਆਇਰਲੈਂਡ ਵੱਲ ਮੋੜ ਦਿੱਤਾ ਗਿਆ। ਇਸ ਹਵਾਈ ਜਹਾਜ਼ ਵਿੱਚ ਲਗਪਗ 300 ਜਣੇ ਸਵਾਰ ਸਨ ਤੇ ਇਹ ਸ਼ੈਨੋਨ ਵੱਲ ਮੋੜਨ ਤੋਂ ਪਹਿਲਾਂ ਲਗਪਗ ਛੇ ਘੰਟੇ ਤੱਕ ਹਵਾ ’ਚ ਰਿਹਾ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਠੀਕ ਹਨ। ਬੁਲਾਰੇ ਨੇ ਦੱਸਿਆ ਕਿ ਹਵਾਈ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦਾ ਇੱਕ ਆਧੁਨਿਕ A350 ਜਹਾਜ਼ ਨਿਊਯਾਰਕ (JFK) ਤੋਂ ਦਿੱਲੀ ਆ ਰਿਹਾ ਸੀ।
ਏਅਰ ਇੰਡੀਆ ਨੇ ਦੱਸਿਆ ਕਿ ਸਾਰੇ ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਬਿਲਕੁਲ ਸੁਰੱਖਿਅਤ ਹਨ। ਕੰਪਨੀ ਵੱਲੋਂ ਮੁਸਾਫ਼ਰਾਂ ਲਈ ਖਾਣ-ਪੀਣ, ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਮਦਦ ਅਤੇ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਜਹਾਜ਼ ਅਪਰੈਲ 2024 ਵਿੱਚ ਹੀ ਏਅਰ ਇੰਡੀਆ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। ਫਿਲਹਾਲ ਜਹਾਜ਼ ਦੀ ਬਾਰੀਕੀ ਨਾਲ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਏਅਰਲਾਈਨ ਨੇ ਕਿਹਾ ਹੈ ਕਿ ਉਹ ਮੁਸਾਫ਼ਰਾਂ ਨੂੰ ਜਲਦੀ ਤੋਂ ਜਲਦੀ ਦਿੱਲੀ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

