ਕਈ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ; ਸਰਟੀਫਿਕੇਟਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ ਵਾਲੇ ਲੋਕ ਹੋਏ ਪ੍ਰੇਸ਼ਾਨ
ਭਿੱਖੀਵਿੰਡ : ਆਪਣਾ ਪੰਜਾਬ ਮੀਡੀਆ : ਪੰਜਾਬ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੜਤਾਲ ਕਰਨ ਕਾਰਨ ਭਿੱਖੀਵਿੰਡ ਸਮੇਤ ਕਈ ਥਾਵਾਂ ’ਤੇ ਸੇਵਾ ਕੇਂਦਰਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਰਟੀਫਿਕੇਟਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਲੋਕਾਂ ਨੇ ਕਿਹਾ ਕਿ ਕੇਂਦਰ ਬੰਦ ਹੋਣ ਕਾਰਨ ਉਨ੍ਹਾਂ ਦਾ ਸਮਾਂ ਅਤੇ ਆਉਣ-ਜਾਣ ਦਾ ਖ਼ਰਚਾ ਬਰਬਾਦ ਹੋ ਰਿਹਾ ਹੈ।
ਯੂਨੀਅਨ ਮੁਲਾਜ਼ਮਾਂ ਵੱਲੋਂ ਤਨਖ਼ਾਹਾਂ, ਸਰਕਾਰੀ ਛੁੱਟੀਆਂ ਅਤੇ ਹੋਰ ਸੇਵਾ-ਸਬੰਧੀ ਮੰਗਾਂ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ। ਯੂਨੀਅਨ ਨੇ 12 ਅਕਤੂਬਰ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰ ਤੇ ਪ੍ਰਬੰਧਕਾਂ ਵਿਰੁੱਧ ਪੁਤਲੇ ਫੂਕਣ ਦਾ ਐਲਾਨ ਵੀ ਕੀਤਾ ਹੈ। ਮੁਲਾਜ਼ਮਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਮੰਗਾਂ ਦਾ ਜਲਦੀ ਹੱਲ ਕੱਢਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।


