‘ਵਾਈਬ ਪੰਜਾਬ ਦੀ’ ਮੁਹਿੰਮ ਰਾਹੀਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨਾਲ ਸਿੱਧਾ ਸੰਵਾਦ; ਗੈਰ-ਰਵਾਇਤੀ ਅੰਦਾਜ਼ ਰਾਹੀਂ ਯੂਥ ਕਨੈਕਟ ਮਜ਼ਬੂਤ ਕਰਨ ਦੀ ਕੋਸ਼ਿਸ਼
ਮੋਗਾ : ਆਪਣਾ ਪੰਜਾਬ ਮੀਡੀਆ : ਪੰਜਾਬ ਦੀ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਤੱਕ ਸਿੱਧੀ ਪਹੁੰਚ ਬਣਾਉਣ ਲਈ ‘ਵਾਈਬ ਪੰਜਾਬ ਦੀ’ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਗੁਰੂ ਨਾਨਕ ਕਾਲਜ ਵਿੱਚ ਵਿਦਿਆਰਥੀਆਂ ਨਾਲ ਰੂ-ਬ-ਰੂ ਗੱਲਬਾਤ ਕੀਤੀ। ਇਸ ਮੌਕੇ ਉਹ ਰਵਾਇਤੀ ਕੁੜਤਾ-ਪਜਾਮੇ ਦੀ ਬਜਾਏ ਪੈਂਟ-ਸ਼ਰਟ ਵਿੱਚ ਨਜ਼ਰ ਆਏ ਅਤੇ ਨੌਜਵਾਨਾਂ ਦੇ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ।
ਪ੍ਰੋਗਰਾਮ ਦੌਰਾਨ ਸਿਆਸੀ ਮੁੱਦਿਆਂ ਦੇ ਨਾਲ ਸੁਖਬੀਰ ਬਾਦਲ ਨੇ ਆਪਣੀ ਨਿੱਜੀ ਜ਼ਿੰਦਗੀ, ਕਾਲਜ ਦੇ ਦਿਨਾਂ, ਖੇਤੀਬਾੜੀ, ਖੇਡਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੌਜਵਾਨਾਂ ਨਾਲ ਗੈਰ-ਰਸਮੀ ਮਾਹੌਲ ਵਿੱਚ ਗੱਲਬਾਤ ਕਰਦਿਆਂ ਰੋਜ਼ਗਾਰ, ਸਿੱਖਿਆ, ਨਸ਼ਿਆਂ, ਉਦਯੋਗ ਅਤੇ ਖੇਤੀਬਾੜੀ ਨੂੰ ਲੈ ਕੇ ਆਪਣਾ ਪੱਖ ਰੱਖਿਆ। ਇਸ ਮੁਹਿੰਮ ਦਾ ਮਕਸਦ ਅਕਾਲੀ ਦਲ ਦੀ ਰਵਾਇਤੀ ਸਿਆਸੀ ਛਵੀ ਤੋਂ ਇਲਾਵਾ ਨੌਜਵਾਨ ਪੀੜ੍ਹੀ ਨਾਲ ਨਿੱਜੀ ਅਤੇ ਸਿੱਧਾ ਸੰਪਰਕ ਬਣਾਉਣਾ ਦੱਸਿਆ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਨੌਜਵਾਨਾਂ ਸਾਹਮਣੇ ਸਰਕਾਰ ਬਣਨ ਦੀ ਸੂਰਤ ਵਿੱਚ ਮੁਫ਼ਤ ਸਿੱਖਿਆ, 25 ਲੱਖ ਰੁਪਏ ਤੱਕ ਦੇ ਮੈਡੀਕਲ ਕਵਰ, ਸਰਕਾਰੀ ਨੌਕਰੀਆਂ ਅਤੇ ਤਕਨੀਕ-ਆਧਾਰਿਤ ਖੇਤੀ ਨੂੰ ਉਤਸ਼ਾਹਿਤ ਕਰਨ ਵਰਗੇ ਵਾਅਦੇ ਵੀ ਰੱਖੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣਾ ਅਤੇ ਸੂਬੇ ਵਿੱਚ ਉਦਯੋਗਿਕ ਵਿਕਾਸ ਲਿਆਉਣਾ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਰਹੇਗਾ। ‘ਵਾਈਬ ਪੰਜਾਬ ਦੀ’ ਰਾਹੀਂ ਅਕਾਲੀ ਦਲ ਹੁਣ ਪੰਜਾਬ ਦੇ Gen-Z ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਤੱਕ ਆਪਣਾ ਸਿਆਸੀ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


