ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦੀ ਤਿਆਰੀ; ਵਪਾਰ, ਊਰਜਾ, ਤਕਨਾਲੋਜੀ ਅਤੇ ਸੁਰੱਖਿਆ ਸਹਿਯੋਗ ਰਹਿਣਗੇ ਮੁੱਖ ਏਜੰਡੇ ’ਤੇ।
ਨਵੀਂ ਦਿੱਲੀ/ਓਟਾਵਾ — ਆਪਣਾ ਪੰਜਾਬ ਮੀਡੀਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ 2026 ਵਿੱਚ ਕੈਨੇਡਾ ਦੇ ਦੌਰੇ ’ਤੇ ਜਾਣਗੇ। ਭਾਰਤੀ ਹਾਈ ਕਮਿਸ਼ਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 11 ਅਤੇ 12 ਦਸੰਬਰ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, 16 ਅਕਤੂਬਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੌਰੇ ਦੀਆਂ ਤਾਰੀਖਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਹਾਲੀਆ ਕੂਟਨੀਤਕ ਸੰਪਰਕਾਂ ਤੋਂ ਬਾਅਦ ਇਸ ਦੌਰੇ ਨੂੰ ਦੁਵੱਲੇ ਸਬੰਧਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਟੋਰਾਂਟੋ ਅਤੇ ਓਟਾਵਾ ਜਾਣ ਦੀ ਸੰਭਾਵਨਾ ਹੈ, ਜਿੱਥੇ ਉਹ ਆਪਣੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ। ਗੱਲਬਾਤ ਦਾ ਮੁੱਖ ਕੇਂਦਰ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (CEPA) ਹੋ ਸਕਦਾ ਹੈ। ਦੋਵੇਂ ਦੇਸ਼ ਇਸ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਵੱਲ ਅੱਗੇ ਵਧ ਰਹੇ ਹਨ। ਇਸ ਤੋਂ ਇਲਾਵਾ ਊਰਜਾ, ਤਕਨਾਲੋਜੀ, ਰੱਖਿਆ, ਸੁਰੱਖਿਆ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ।ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਭਾਰੀ ਤਣਾਅ ਆ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਕਾਰਨ ਵਪਾਰਕ ਅਤੇ ਸਿਆਸੀ ਸਹਿਯੋਗ ਵੀ ਪ੍ਰਭਾਵਿਤ ਹੋਇਆ। ਹੁਣ ਮਾਰਕ ਕਾਰਨੀ ਦੀ ਸਰਕਾਰ ਅਤੇ ਭਾਰਤ ਸਰਕਾਰ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ। ਮੋਦੀ ਦਾ ਪ੍ਰਸਤਾਵਿਤ ਦੌਰਾ ਦੋਵਾਂ ਦੇਸ਼ਾਂ ਲਈ ਵਪਾਰਕ ਮੌਕਿਆਂ ਦਾ ਵਿਸਥਾਰ ਕਰਨ, ਆਪਸੀ ਭਰੋਸਾ ਵਧਾਉਣ ਅਤੇ ਭਵਿੱਖੀ ਸਾਂਝੇਦਾਰੀ ਨੂੰ ਨਵਾਂ ਰੂਪ ਦੇਣ ਦਾ ਮੌਕਾ ਹੋਵੇਗਾ।


