ਰਾਂਚੀ ਵਿੱਚ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਟੀਮ ਸਪ੍ਰਿੰਟ ਵਿੱਚ ਬਣਾਇਆ ਨਵਾਂ ਰਿਕਾਰਡ; 1 ਮਿੰਟ 16 ਸਕਿੰਟ ਵਿੱਚ ਮੁਕਾਬਲਾ ਕੀਤਾ ਪੂਰਾ
ਲੁਧਿਆਣਾ : ਆਪਣਾ ਪੰਜਾਬ ਮੀਡੀਆ : ਪੰਜਾਬ ਦੀਆਂ ਚਾਰ ਹੋਣਹਾਰ ਸਾਈਕਲਿਸਟ ਧੀਆਂ ਨੇ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਰਾਂਚੀ ਦੇ ਸਾਈਕਲਿੰਗ ਵੈਲੋਡਰੋਮ ਵਿੱਚ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਨੇ 1 ਮਿੰਟ 16 ਸਕਿੰਟ ਦਾ ਸਮਾਂ ਦਰਜ ਕਰਦਿਆਂ ਸੋਨ ਤਗ਼ਮਾ ਜਿੱਤਿਆ ਅਤੇ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ।
ਜੇਤੂ ਟੀਮ ਵਿੱਚ ਪਟਿਆਲਾ ਦੀ ਗੁਨਤਾਸ ਸੰਧੂ, ਲੁਧਿਆਣਾ ਦੀ ਪ੍ਰੀਤੀ ਸ਼ਾਹ ਅਤੇ ਅੰਮ੍ਰਿਤਸਰ ਦੀਆਂ ਜਪਨੀਤ ਕੌਰ ਤੇ ਪਲਕਪ੍ਰੀਤ ਕੌਰ ਸ਼ਾਮਲ ਸਨ। ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਖਿਡਾਰਨਾਂ ਦੀ ਲਗਾਤਾਰ ਮਿਹਨਤ, ਸਖ਼ਤ ਅਭਿਆਸ ਅਤੇ ਆਪਸੀ ਤਾਲਮੇਲ ਦਾ ਵੱਡਾ ਯੋਗਦਾਨ ਹੈ। ਚੈਂਪੀਅਨਸ਼ਿਪ ਤੋਂ ਪਹਿਲਾਂ ਲੁਧਿਆਣਾ ਵਿੱਚ ਪੰਜਾਬ ਦੀ ਟੀਮ ਦਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ਸੀ।
ਇਸ ਪ੍ਰਾਪਤੀ ਲਈ ਐਸੋਸੀਏਸ਼ਨ ਵੱਲੋਂ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਦੀ ਮਿਹਨਤ ਦੀ ਸ਼ਲਾਘਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਹੋਰ ਅਹੁਦੇਦਾਰਾਂ ਨੇ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਚਾਰਾਂ ਖਿਡਾਰਨਾਂ ਦੀ ਇਸ ਕਾਮਯਾਬੀ ਨਾਲ ਪੰਜਾਬ ਦਾ ਨਾਮ ਕੌਮੀ ਪੱਧਰ ’ਤੇ ਰੌਸ਼ਨ ਹੋਇਆ ਹੈ ਅਤੇ ਸੂਬੇ ਦੀਆਂ ਹੋਰ ਧੀਆਂ ਲਈ ਵੀ ਖੇਡਾਂ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਮਿਲੀ ਹੈ।


