ਮਾਸਕੋ : ਆਪਣਾ ਪੰਜਾਬ ਮੀਡੀਆ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਆਰਥਿਕ ਸਹਿਯੋਗ ਨੂੰ ਹੋਰ ਵਿਸਥਾਰ ਦੇਣ ਦੀ ਸੰਭਾਵਨਾ ਜਤਾਉਂਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਲੌਜਿਸਟਿਕਸ ਤੋਂ ਇਲਾਵਾ ਵੀ “ਬਹੁਤ ਵੱਡੀਆਂ ਸੰਭਾਵਨਾਵਾਂ” ਮੌਜੂਦ ਹਨ। ਪੁਤਿਨ ਨੇ ਅੰਤਰਰਾਸ਼ਟਰੀ ਆਵਾਜਾਈ ਅਤੇ ਸ਼ਿਪਿੰਗ ਰੂਟਾਂ ਦੇ ਵਿਕਾਸ ਬਾਰੇ ਗੱਲ ਕਰਦਿਆਂ ਭਾਰਤ ਨਾਲ ਨਵੇਂ ਕਨੈਕਟੀਵਿਟੀ ਮਾਰਗਾਂ ’ਤੇ ਮਿਲ ਕੇ ਕੰਮ ਕਰਨ ਦੀ ਰੂਸ ਦੀ ਇੱਛਾ ਜ਼ਾਹਰ ਕੀਤੀ।
ਪੁਤਿਨ ਨੇ ਖ਼ਾਸ ਤੌਰ ’ਤੇ ਇੰਟਰਨੈਸ਼ਨਲ ਨਾਰਥ-ਸਾਊਥ ਟਰਾਂਸਪੋਰਟ ਕੋਰੀਡੋਰ (INSTC) ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਚੀਨ ਅਤੇ ਦੱਖਣੀ ਕੋਰੀਆ ਦੇ ਕੰਟੇਨਰ ਜਹਾਜ਼ਾਂ ਨਾਲ ਵਪਾਰਕ ਰੂਟਾਂ ਦੀ ਪਾਇਲਟਿੰਗ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਨਾਲ ਵੀ ਇਸ ਤਰ੍ਹਾਂ ਦੇ ਸਹਿਯੋਗ ਬਾਰੇ ਗੱਲਬਾਤ ਚੱਲ ਰਹੀ ਹੈ। ਰੂਸ ਇਸ ਕੋਰੀਡੋਰ ਦੀ ਵਰਤੋਂ ਨੂੰ ਵਧਾਉਣ ਲਈ ਤਿਆਰ ਹੈ ਅਤੇ ਲੋੜੀਂਦੇ ਕਰਜ਼ਾ ਸਰੋਤ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਹੈ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਨਾਰਥ-ਸਾਊਥ ਕੋਰੀਡੋਰ ਦੀ ਸਫਲਤਾ ਲਈ ਈਰਾਨ ਵੱਲੋਂ ਆਪਣੇ ਹਿੱਸੇ ਦਾ ਕੰਮ ਪੂਰਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਅਜ਼ਰਬਾਈਜਾਨ ਰਾਹੀਂ ਲੰਘਣ ਵਾਲੇ ਹਿੱਸੇ ਬਾਰੇ ਕਿਹਾ ਕਿ ਰੂਸ ਅਤੇ ਅਜ਼ਰਬਾਈਜਾਨ ਵਿਚਕਾਰ ਇਸ ਮਾਮਲੇ ’ਤੇ ਸੰਪਰਕ ਬਣਿਆ ਹੋਇਆ ਹੈ ਅਤੇ ਉੱਥੇ ਸਹਿਯੋਗ ਲਈ ਸਹਿਮਤੀ ਹੈ।
ਪੁਤਿਨ ਦੇ ਬਿਆਨ ਅਜਿਹੇ ਸਮੇਂ ਆਏ ਹਨ ਜਦੋਂ ਭਾਰਤ ਅਤੇ ਰੂਸ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਵਿਸਥਾਰ ਦੇਣ ’ਤੇ ਜ਼ੋਰ ਦੇ ਰਹੇ ਹਨ। ਸਤੰਬਰ 2026 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਨੇ ਨਵੀਂ ਦਿੱਲੀ ਵਿੱਚ BRICS ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਉਦਯੋਗ, ਊਰਜਾ, ਰੱਖਿਆ, ਪੁਲਾੜ ਅਤੇ ਹੁਨਰਮੰਦ ਮਜ਼ਦੂਰਾਂ ਦੀ ਆਵਾਜਾਈ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ ਸੀ।
ਰੂਸ-ਭਾਰਤ ਆਰਥਿਕ ਸਹਿਯੋਗ ਲਈ ਪਹਿਲਾਂ ਤੈਅ ਕੀਤੇ ਗਏ 2030 ਦੇ ਟੀਚਿਆਂ ਵਿੱਚ ਵਪਾਰਕ ਰੁਕਾਵਟਾਂ ਘਟਾਉਣਾ, ਰਾਸ਼ਟਰੀ ਮੁਦਰਾਵਾਂ ਰਾਹੀਂ ਭੁਗਤਾਨ ਪ੍ਰਣਾਲੀ ਨੂੰ ਵਿਕਸਤ ਕਰਨਾ ਅਤੇ ਨਾਰਥ-ਸਾਊਥ ਕੋਰੀਡੋਰ, ਨਾਰਦਰਨ ਸੀ ਰੂਟ ਅਤੇ ਚੇਨਈ-ਵਲਾਦੀਵੋਸਤੋਕ ਸਮੁੰਦਰੀ ਮਾਰਗ ਰਾਹੀਂ ਮਾਲ ਢੋਆ-ਢੁਆਈ ਵਧਾਉਣਾ ਸ਼ਾਮਲ ਹੈ।
ਭਾਰਤ ਨਾਲ ਆਰਥਿਕ ਸਹਿਯੋਗ ਦੀਆਂ “ਬਹੁਤ ਵੱਡੀਆਂ ਸੰਭਾਵਨਾਵਾਂ”: ਵਲਾਦੀਮੀਰ ਪੁਤਿਨ
Leave a Comment


