ਯੋਗ, ਸਿੱਖਿਆ, ਵਿਗਿਆਨਕ ਖੋਜ ਅਤੇ ਸਮੁੱਚੀ ਸਿਹਤ ਦੇ ਖੇਤਰ ਵਿੱਚ 50 ਸਾਲਾਂ ਦੇ ਸਫ਼ਰ ਦਾ ਜਸ਼ਨ; ਐੱਚ.ਵੀ. ਸ਼ੇਸ਼ਾਦਰੀ ਦੀ ਜਨਮ ਸ਼ਤਾਬਦੀ ਵੀ ਮਨਾਈ ਜਾਵੇਗੀ
ਬੈਂਗਲੁਰੂ — ਆਪਣਾ ਪੰਜਾਬ ਮੀਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਨਵੰਬਰ ਨੂੰ ਬੈਂਗਲੁਰੂ ਸਥਿਤ ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਗਮਾਂ ਦਾ ਉਦਘਾਟਨ ਕਰਨਗੇ। ਇਸ ਮੌਕੇ ਸੰਸਥਾ ਦੇ 50 ਸਾਲਾਂ ਦੇ ਸਫ਼ਰ ਅਤੇ ਯੋਗ, ਸਿੱਖਿਆ, ਵਿਗਿਆਨਕ ਖੋਜ, ਸਮੁੱਚੀ ਸਿਹਤ ਸੰਭਾਲ, ਅਧਿਆਤਮਿਕਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਸਮਾਗਮ ਦੌਰਾਨ ਪ੍ਰਸਿੱਧ ਵਿਚਾਰਕ ਐੱਚ.ਵੀ. ਸ਼ੇਸ਼ਾਦਰੀ ਦੀ ਜਨਮ ਸ਼ਤਾਬਦੀ ਵੀ ਮਨਾਈ ਜਾਵੇਗੀ।
ਪਦਮ ਸ਼੍ਰੀ ਡਾ. ਐੱਚ.ਆਰ. ਨਾਗੇਂਦਰ, ਜੋ ਐੱਸ-ਵਿਆਸਾ ਯੂਨੀਵਰਸਿਟੀ ਸੋਸਾਇਟੀ ਅਤੇ ਵਿਵੇਕਾਨੰਦ ਯੋਗ ਅਨੁਸੰਧਾਨ ਸੰਸਥਾਨ ਦੇ ਪ੍ਰਧਾਨ ਹਨ, ਨੇ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਮੁਤਾਬਕ, ਪ੍ਰਸ਼ਾਂਤੀ ਕੁਟੀਰਮ ਨੇ ਇੱਕ ਛੋਟੇ ਯੋਗ ਕੇਂਦਰ ਤੋਂ ਸ਼ੁਰੂਆਤ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਯੋਗ ਸਿੱਖਿਆ, ਖੋਜ ਅਤੇ ਸਿਹਤ ਸੇਵਾਵਾਂ ਦੇ ਪ੍ਰਮੁੱਖ ਕੇਂਦਰ ਵਜੋਂ ਆਪਣੀ ਪਛਾਣ ਬਣਾਈ ਹੈ।
ਗੋਲਡਨ ਜੁਬਲੀ ਸਮਾਗਮਾਂ ਵਿੱਚ ਅਮਰੀਕਾ ਵਿੱਚ ਭਾਰਤੀ ਸੱਭਿਆਚਾਰ ਅਤੇ ਯੋਗ ਦੇ ਪ੍ਰਚਾਰ ਲਈ ਕੰਮ ਕਰ ਰਹੇ ਪ੍ਰੇਮ ਭੰਡਾਰੀ ਨੂੰ ਵੀ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਉਹ ਐੱਸ-ਵਿਆਸਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੁੱਖ ਸਲਾਹਕਾਰ ਹੋਣ ਦੇ ਨਾਲ ਰਾਜਸਥਾਨ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ ਅਤੇ ਜੈਪੁਰ ਫੁੱਟ ਯੂਐੱਸਏ ਨਾਲ ਵੀ ਜੁੜੇ ਹੋਏ ਹਨ। ਸੰਸਥਾ ਵੱਲੋਂ ਉਨ੍ਹਾਂ ਦੇ ਅੰਤਰਰਾਸ਼ਟਰੀ ਪੱਧਰ ’ਤੇ ਯੋਗ ਦੇ ਪ੍ਰਚਾਰ ਅਤੇ ਸੱਭਿਆਚਾਰਕ ਸਾਂਝ ਵਧਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਹੈ।


