ਨੌਜਵਾਨਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਫਰੈਂਕਫਰਟ, ਹੈਮਬਰਗ, ਬਰਲਿਨ ਅਤੇ ਕੋਲੋਨ ਵਿੱਚ ਭੜਕੀ ਹਿੰਸਾ; ਦੁਕਾਨਾਂ ਦੀ ਲੁੱਟਮਾਰ, ਪੁਲਿਸ ’ਤੇ ਪੱਥਰਬਾਜ਼ੀ ਅਤੇ ਪੈਟਰੋਲ ਬੰਬ ਸੁੱਟੇ ਗਏ
ਬਰਲਿਨ — ਆਪਣਾ ਪੰਜਾਬ ਮੀਡੀਆ ਜਰਮਨੀ ਦੇ ਕਈ ਵੱਡੇ ਸ਼ਹਿਰਾਂ ਵਿੱਚ ਨੌਜਵਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਹਿੰਸਕ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। 31 ਅਕਤੂਬਰ ਨੂੰ ‘Gen Z regelt’ ਮੁਹਿੰਮ ਤਹਿਤ ਦੇਸ਼ ਦੇ 34 ਸ਼ਹਿਰਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਸਿੱਖਿਆ ਲਈ ਵਧੇਰੇ ਫੰਡ, ਮਹਿੰਗਾਈ ਤੋਂ ਰਾਹਤ, ਸਮਾਜਿਕ ਸਹੂਲਤਾਂ ਵਿੱਚ ਸੁਧਾਰ ਅਤੇ ਲਾਜ਼ਮੀ ਫ਼ੌਜੀ ਸੇਵਾ ਦੀ ਯੋਜਨਾ ਦਾ ਵਿਰੋਧ ਕਰਦਿਆਂ ਰੈਲੀਆਂ ਕੀਤੀਆਂ। ਦਿਨ ਵੇਲੇ ਜ਼ਿਆਦਾਤਰ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ, ਪਰ ਸ਼ਾਮ ਹੁੰਦਿਆਂ ਕੁਝ ਸ਼ਹਿਰਾਂ ਵਿੱਚ ਹਾਲਾਤ ਤਣਾਅਪੂਰਨ ਹੋ ਗਏ।
ਫਰੈਂਕਫਰਟ ਵਿੱਚ ਨਕਾਬਪੋਸ਼ ਲੋਕਾਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਲੁੱਟਮਾਰ ਕੀਤੀ। ਪੁਲਿਸ ਮੁਤਾਬਕ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਇੱਕ ਹਥਿਆਰਾਂ ਦੀ ਦੁਕਾਨ ਵਿੱਚੋਂ ਦੋ ਬੰਦੂਕਾਂ ਚੋਰੀ ਹੋਣ ਦੀ ਰਿਪੋਰਟ ਵੀ ਸਾਹਮਣੇ ਆਈ, ਜਿਨ੍ਹਾਂ ਨੂੰ ਬਾਅਦ ਵਿੱਚ ਬਰਾਮਦ ਕਰ ਲਿਆ ਗਿਆ। ਪ੍ਰਦਰਸ਼ਨਕਾਰੀਆਂ ਦੇ ਕੁਝ ਗਰੁੱਪਾਂ ਵੱਲੋਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ’ਤੇ ਪੱਥਰ, ਬੋਤਲਾਂ ਅਤੇ ਪੈਟਰੋਲ ਬੰਬ ਸੁੱਟੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ।
ਹੈਮਬਰਗ ਵਿੱਚ ਕੇਂਦਰੀ ਬੱਸ ਅੱਡੇ ਦੇ ਨੇੜੇ ਸੜਦੀਆਂ ਰੋਕਾਂ ਲਗਾਉਣ ਅਤੇ ਪੁਲਿਸ ’ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ 120 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਅਨੁਸਾਰ ਇਨ੍ਹਾਂ ਝੜਪਾਂ ਵਿੱਚ 11 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਬਰਲਿਨ ਦੇ ਮਿੱਟੇ ਇਲਾਕੇ ਵਿੱਚ ਹੋਏ ਵੱਖਰੇ ਪ੍ਰਦਰਸ਼ਨ ਦੌਰਾਨ 56 ਲੋਕਾਂ ਨੂੰ ਅਸਥਾਈ ਤੌਰ ’ਤੇ ਹਿਰਾਸਤ ਵਿੱਚ ਲਿਆ ਗਿਆ ਅਤੇ 27 ਪੁਲਿਸ ਅਧਿਕਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ।


