- ਜਹਾਜ਼ ਵਿੱਚ ਸਵਾਰ ਸਨ 20 ਭਾਰਤੀ ਮਲਾਹ
- ਓਮਾਨ ਵਿੱਚ ਭਾਰਤੀ ਦੂਤਾਵਾਸ ਸਥਿਤੀ ’ਤੇ ਰੱਖ ਰਿਹਾ ਹੈ ਨੇੜਿਓਂ ਨਜ਼ਰ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਓਮਾਨ ਦੇ ਪੂਰਬੀ ਤੱਟ ਨੇੜੇ ਵਪਾਰਕ ਜਹਾਜ਼ ਐੱਮ ਵੀ ਕੇਪ ਦਾਓ (MV Cape Dao) ‘ਤੇ ਹਮਲਾ ਹੋਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦੋਂ ਕਿ 19 ਹੋਰ ਭਾਰਤੀ ਮਲਾਹਾਂ ਨੂੰ ਬਚਾ ਲਿਆ ਗਿਆ। ਭਾਰਤ ਨੇ ਜਹਾਜ਼ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਖੇਤਰ ਵਿੱਚ ਵਪਾਰਕ ਸਮੁੰਦਰੀ ਜਹਾਜ਼ਾਂ ‘ਤੇ ਹਮਲਿਆਂ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਡੂੰਘੀ ਚਿੰਤਾ ਦਾ ਵਿਸ਼ਾ ਹਨ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਅੱਜ ਓਮਾਨ ਦੇ ਪੂਰਬੀ ਤੱਟ ਨੇੜੇ ਵਪਾਰਕ ਜਹਾਜ਼ ਐੱਮ ਵੀ ਕੇਪ ਦਾਓ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹਾਂ। ਜਹਾਜ਼ ਵਿੱਚ ਸਵਾਰ 20 ਭਾਰਤੀ ਮਲਾਹਾਂ ਵਿੱਚੋਂ 19 ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ 1 ਭਾਰਤੀ ਨਾਗਰਿਕ ਦੀ ਦਰਦਨਾਕ ਮੌਤ ਹੋ ਗਈ। ਅਸੀਂ ਮ੍ਰਿਤਕ ਦੇ ਪਰਿਵਾਰ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਓਮਾਨ ਵਿੱਚ ਭਾਰਤੀ ਦੂਤਾਵਾਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਭਾਰਤੀ ਮਲਾਹਾਂ ਦੀ ਛੇਤੀ ਵਤਨ ਵਾਪਸੀ ਲਈ ਓਮਾਨੀ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ। ਸਰਕਾਰ ਨੇ ਓਮਾਨੀ ਅਧਿਕਾਰੀਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉੱਥੇ ਹੀ ਓਮਾਨ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਓਮਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।


