ਆਪਣਾ ਪੰਜਾਬ ਮੀਡੀਆ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸੱਤਾ ਧਿਰ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਸੂਬੇ ਦੀਆਂ 294 ’ਚੋਂ 291 ਸੀਟਾਂ ’ਤੇ ਚੋਣ ਲੜੇਗੀ। ਕੋਲਕਾਤਾ ’ਚ ਪ੍ਰੈਸ ਕਾਨਫਰੰਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਦਾਰਜੀਲਿੰਗ ਪਹਾੜੀਆਂ ਦੀਆਂ ਬਾਕੀ ਤਿੰਨ ਸੀਟਾਂ ’ਤੇ ਅਨਿਤ ਥਾਪਾ ਦੀ ਅਗਵਾਈ ਹੇਠਲਾ ਭਾਰਤੀ ਗੋਰਖਾ ਪ੍ਰਜਾਤਾਂਤਰਿਕ ਮੋਰਚਾ (ਬੀ ਜੀ ਪੀ ਐੱਮ) ਚੋਣ ਲੜੇਗਾ। ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਚੋਣ ਲੜੇਗੀ। ਉਨ੍ਹਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਸੂਬਾ ਪ੍ਰਧਾਨ ਸੁਬ੍ਰਤ ਬਖਸ਼ੀ ਨਾਲ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਭਰੋਸਾ ਜ਼ਾਹਿਰ ਕੀਤਾ ਕਿ ਟੀ ਐੱਮ ਸੀ 2026 ਦੀਆਂ ਵਿਧਾਨ ਸਭਾ ਚੋਣਾਂ ’ਚ ਅਸਾਨੀ ਨਾਲ ਜਿੱਤ ਦਰਜ ਕਰੇਗੀ।
ਉਨ੍ਹਾਂ ਚੋਣ ਕਮਿਸ਼ਨ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰੇ ’ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬੇ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸਥਿਤੀ ’ਚ ਚੋਣ ਕਮਿਸ਼ਨ ਤੇ ਭਾਜਪਾ ਜ਼ਿੰਮੇਵਾਰ ਹੋਣਗੇ।

