ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨੂੰ ਨਾਭਾ ਜੇਲ੍ਹ ਤੋਂ ਬਾਹਰ ਆ ਗਏ। ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਬਾਅਦ ਹੋਈ ਇਸ ਰਿਹਾਈ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਟਕਰਾਅ ਦੇ ਨਵੇਂ ਅਧਿਆਇ ਵਜੋਂ ਵੇਖਿਆ ਜਾ ਰਿਹਾ ਹੈ।
ਕਾਨੂੰਨੀ ਅਤੇ ਪ੍ਰਕਿਰਿਆਤਮਕ ਕਾਰਵਾਈਆਂ ਕਾਰਨ ਮਜੀਠੀਆ ਦੀ ਰਿਹਾਈ ਵਿੱਚ ਕਈ ਘੰਟਿਆਂ ਦੀ ਦੇਰੀ ਹੋਈ। ਇਸ ਦੌਰਾਨ ਨਾਭਾ ਜੇਲ੍ਹ ਦੇ ਬਾਹਰ ਸੈਂਕੜੇ ਅਕਾਲੀ ਵਰਕਰ ਅਤੇ ਸਮਰਥਕ ਇਕੱਠੇ ਹੋ ਗਏ। ਸਥਿਤੀ ਨੂੰ ਸੰਭਾਲਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ।
ਜਿਵੇਂ ਹੀ ਬਿਕਰਮ ਮਜੀਠੀਆ ਜੇਲ੍ਹ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਨਿਕਲੇ, ਉਨ੍ਹਾਂ ਨੇ ਆਪਣੀਆਂ ਟ੍ਰੇਡਮਾਰਕ ਮੁੱਛਾਂ ਮਰੋੜ ਕੇ ਸਪਸ਼ਟ ਸੰਕੇਤ ਦਿੱਤਾ ਕਿ ਜੇਲ੍ਹ ਵੀ ਉਨ੍ਹਾਂ ਦੇ ਸਿਆਸੀ ਹੌਂਸਲੇ ਨਹੀਂ ਤੋੜ ਸਕੀ। ਅਕਾਲੀ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਬਾਅਦ ਵਿੱਚ ਮਜੀਠੀਆ ਨੂੰ ਖੁੱਲ੍ਹੀ ਜੀਪ ਰਾਹੀਂ ਜੇਲ੍ਹ ਅਹਾਤੇ ਤੋਂ ਬਾਹਰ ਲਿਜਾਇਆ ਗਿਆ।
ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਅਤੇ ਅਕਾਲੀ ਆਗੂ ਅਰਸ਼ਦੀਪ ਕਲੇਰ ਉਨ੍ਹਾਂ ਨੂੰ ਲੈਣ ਜੇਲ੍ਹ ਅੰਦਰ ਗਏ ਸਨ। ਰਿਹਾਈ ਤੋਂ ਬਾਅਦ ਮਜੀਠੀਆ ਵੱਲੋਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਦੀ ਸੰਭਾਵਨਾ ਜਤਾਈ ਗਈ ਹੈ।
ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਕਥਿਤ ਤੌਰ ‘ਤੇ 540 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਜੁੜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਮੋਹਾਲੀ ਅਦਾਲਤ ਵਿੱਚ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ।
ਸੁਪਰੀਮ ਕੋਰਟ ਨੇ ਇਹ ਗੱਲ ਖ਼ਾਸ ਤੌਰ ‘ਤੇ ਨੋਟ ਕੀਤੀ ਕਿ ਮਜੀਠੀਆ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿੱਚ ਹਨ ਅਤੇ ਜਾਂਚ ਏਜੰਸੀਆਂ ਆਪਣੀ ਰਿਪੋਰਟ ਦਾਇਰ ਕਰ ਚੁੱਕੀਆਂ ਹਨ। ਅਦਾਲਤ ਨੇ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਸਖ਼ਤ ਸ਼ਰਤਾਂ ਨੂੰ ਖ਼ਾਰਜ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ। ਮੁਹਾਲੀ ਅਦਾਲਤ ਵੱਲੋਂ 2 ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਹੁਕਮ ਜਾਰੀ ਹੋਣ ਮਗਰੋਂ ਨਾਭਾ ਜੇਲ੍ਹ ਨੂੰ ਦਸਤਾਵੇਜ਼ ਭੇਜੇ ਗਏ ਅਤੇ ਮਜੀਠੀਆ ਦੀ ਰਿਹਾਈ ਸੰਭਵ ਹੋਈ।
ਰਾਜਨੀਤਕ ਮਾਹਿਰਾਂ ਦੇ ਮਤਾਬਕ, ਮਜੀਠੀਆ ਦੀ ਰਿਹਾਈ ਨਾਲ ਨਾ ਸਿਰਫ਼ ਅਕਾਲੀ ਦਲ ਨੂੰ ਨਵਾਂ ਹੁਲਾਰਾ ਮਿਲਿਆ ਹੈ, ਸਗੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਟਕਰਾਅ ਹੋਰ ਵੀ ਤਿੱਖਾ ਹੋਣ ਦੇ ਆਸਾਰ ਹਨ।

