ਅਮਰੀਕਾ ’ਚ ਡਰ ਅਤੇ ਅਸੁਰੱਖਿਆ ਦੇ ਮਾਹੌਲ ’ਚ ਰਹਿ ਰਹੇ ਨੇ ਵਿਦੇਸ਼ੀ ਵਿਦਿਆਰਥੀ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਨਿਵੇਕਲੀ ਤਜਵੀਜ਼ ਪੇਸ਼ ਕਰਦਿਆਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਤੋਂ ਗਰੈਜੂਏਟ ਹੋਣ ’ਤੇ ਉਨ੍ਹਾਂ ਨੂੰ ਗ੍ਰੀਨ ਕਾਰਡ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਵਾਅਦੇ ਤੋਂ ਮੁੱਕਰ ਗਏ ਹਨ। ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਅਤੇ ਨਵੇਂ ਸਟੂਡੈਂਟ ਵੀਜ਼ਾ ਇੰਟਰਵਿਊ ਰੋਕਣ ਨਾਲ ਨੌਜਵਾਨ ਦੁਚਿੱਤੀ ’ਚ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਟਰੰਪ ਜਾਣਬੁੱਝ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਟਰੰਪ ਨੇ ਚੋਣ ਪ੍ਰਚਾਰ ਦੌਰਾਨ ਇਕ ਪੋਡਕਾਸਟ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ’ਚ ਸਵਾਗਤ ਕਰਨ ਦਾ ਬਿਆਨ ਦਿੱਤਾ ਸੀ ਪਰ ਹੁਣ ਉਹ ਇਮੀਗਰੇਸ਼ਨ ਰਾਹੀਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਂਝ ਹਾਰਵਰਡ ਮਾਮਲੇ ’ਚ ਸੰਘੀ ਜੱਜ ਨੇ ਟਰੰਪ ਦੇ ਹੁਕਮਾਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਦੁਨੀਆ ਭਰ ਦੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਹੁਣ ਅਮਰੀਕਾ ’ਚ ਡਰ ਅਤੇ ਅਸੁਰੱਖਿਆ ਦੇ ਮਾਹੌਲ ’ਚ ਰਹਿ ਰਹੇ ਹਨ। ਕਈ ਵਿਦਿਆਰਥੀਆਂ ਨੇ ਘਰ ਜਾਣ ਦਾ ਫ਼ੈਸਲਾ ਵੀ ਟਾਲ ਦਿੱਤਾ ਹੈ।