ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦਾ ਵਿੱਚ ਨਿਆਂਇਕ ਅਧਿਕਾਰੀਆਂ ਦੇ ਘਿਰਾਓ ਦੀ ਘਟਨਾ ਨੂੰ ਅੱਜ ਪੱਛਮੀ ਬੰਗਾਲ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਵਿਰੁੱਧ ਭਾਜਪਾ ਦੀ ਮੁਹਿੰਮ ਦਾ ਮੁੱਖ ਕੇਂਦਰ ਬਣਾਇਆ। ਉਨ੍ਹਾਂ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਸਰਕਾਰ ’ਤੇ ‘ਮਹਾਂ ਜੰਗਲਰਾਜ’ ਚਲਾਉਣ ਦਾ ਦੋਸ਼ ਲਾਇਆ ਅਤੇ 2026 ਦੀਆਂ ਵਿਧਾਨ ਸਭਾ ਚੋਣਾਂ ਨੂੰ ਹਾਕਮ ਪਾਰਟੀ ਵੱਲੋਂ ਫੈਲਾਏ ਗਏ ਭੈਅ ਅਤੇ ਭਾਜਪਾ ਦੇ ਭਰੋਸੇ ਵਿਚਕਾਰ ਸਿੱਧਾ ਮੁਕਾਬਲਾ ਕਰਾਰ ਦਿੱਤਾ।
ਚੋਣ ਸ਼ਡਿਊਲ ਦੇ ਐਲਾਨ ਤੋਂ ਬਾਅਦ ਉੱਤਰੀ ਬੰਗਾਲ ਦੇ ਕੂਚ ਬਿਹਾਰ ਵਿੱਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਮਾਲਦਾ ਦੀ ਘਟਨਾ ਰਾਹੀਂ ਟੀ ਐੱਮ ਸੀ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਾਨੂੰਨ ਵਿਵਸਥਾ, ਔਰਤਾਂ ਦੀ ਸੁਰੱਖਿਆ ਅਤੇ ਬੰਗਲਾਦੇਸ਼ ਤੋਂ ਘੁਸਪੈਠ ਵਰਗੇ ਮੁੱਦਿਆਂ ਨੂੰ ਉਭਾਰਿਆ। ਮੋਦੀ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਪੂਰੇ ਦੇਸ਼ ਨੇ ਦੇਖਿਆ ਕਿ ਮਾਲਦਾ ਵਿੱਚ ਨਿਆਂਇਕ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ, ਜਿੱਥੇ ਜੱਜ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਹੀ ਸੁਰੱਖਿਅਤ ਨਹੀਂ ਹਨ?’’ ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਕੱਢਣ ’ਤੇ ਤੁਲੀ ਹੋਈ ਹੈ ਅਤੇ ਮਾਲਦਾ ਵਿੱਚ ਜੋ ਹੋਇਆ ਉਹ ਟੀ ਐੱਮ ਸੀ ਦੇ ਮਹਾਂ ਜੰਗਲਰਾਜ ਦੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਬੰਗਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ’ਤੇ ਭਰੋਸਾ ਜਤਾਉਣ।

