ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਗ਼ੱਦਾਰ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਧੋਖੇਬਾਜ਼ੀ ਲਈ ਸਬਕ ਸਿਖਾਉਣਗੇ। ਇਨ੍ਹਾਂ ਸੰਸਦ ਮੈਂਬਰਾਂ ਨੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ ਅਤੇ ਅਣਖੀ ਲੋਕ ਕਦੇ ਵੀ ਇਨ੍ਹਾਂ ਗ਼ੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ। ਪੰਜਾਬ ’ਚ ਭਾਜਪਾ ਦੀਆਂ ਚਾਲਾਂ ਸਫਲ ਨਹੀਂ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਪਾਸ ਕੀਤੇ ਗਏ ਹਨ, ਭਾਜਪਾ ਅੰਦਰ ਬੇਚੈਨੀ ਦਿਖਾਈ ਦੇ ਰਹੀ ਹੈ। ਪੰਜਾਬ ’ਚ ਭਾਜਪਾ ਦਾ ਆਧਾਰ ਨਹੀਂ ਹੈ ਜਿਸ ਕਰ ਕੇ ਫੈਡਰਲ ਏਜੰਸੀਆਂ ਦੀ ਦੁਰਵਰਤੋਂ ਨਾਲ ਦਲ ਬਦਲੀ ਕਰਾਉਣ ਦੇ ਰਾਹ ਪਈ ਹੈ। ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਫ਼ੰਡ ਰੋਕੇ ਅਤੇ ਫਿਰ ਵਿਕਾਸ ਕੰਮਾਂ ’ਚ ਵਿਘਨ ਪਾਇਆ। ਹੁਣ ਭਾਜਪਾ ਫੈਡਰਲ ਏਜੰਸੀਆਂ ਦੀ ਦੁਰਵਰਤੋਂ ਕਰਕੇ ‘ਆਪ’ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਹੈ।

