ਆਪਣਾ ਪੰਜਾਬ ਮੀਡੀਆ : ਲੰਡਨ ਪੁਲੀਸ ਨੇ ਬੀਤੇ ਦਿਨ ਪਾਬੰਦੀਸ਼ੁਦਾ ਜਥੇਬੰਦੀ ‘ਪੈਲੇਸਟਾਈਨ ਐਕਸ਼ਨ’ (ਫ਼ਲਸਤੀਨੀ ਐਕਸ਼ਨ) ਦੇ ਹੱਕ ਵਿੱਚ ਹੋਏ ਮੁਜ਼ਾਹਰੇ ਦੌਰਾਨ 212 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨਵੀ ਸਰਕਾਰ ਨੇ ਇਸ ਜਥੇਬੰਦੀ ਨੂੰ ਦਹਿਸ਼ਤਗਰਦਾਂ ਦੀ ਜਥੇਬੰਦੀ ਕਰਾਰ ਦਿੱਤਾ ਹੈ। ਮੈਟਰੋਪੋਲੀਟਨ ਪੁਲੀਸ ਮੁਤਾਬਕ 27 ਤੋਂ 82 ਸਾਲ ਦੀ ਉਮਰ ਦੇ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਜਥੇਬੰਦੀ ਦਾ ਸਮਰਥਨ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ‘ਡਿਫੈਂਡ ਆਵਰ ਜਿਊਰੀਜ਼’ ਦੇ ਸੱਦੇ ’ਤੇ ਸੈਂਕੜੇ ਲੋਕ ਟਰੈਫਲਗਰ ਸਕੁਏਅਰ ਵਿੱਚ ਇਕੱਠੇ ਹੋਏ। ‘ਮੈਸਿਵ ਅਟੈਕ’ ਬੈਂਡ ਦਾ ਸੰਗੀਤਕਾਰ ਰੌਬਰਟ ਡੇਲ ਨਾਜਾ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ। ਉਸ ਨੇ ਵੀ ‘ਪੈਲੇਸਟਾਈਨ ਐਕਸ਼ਨ’ ਦੇ ਹੱਕ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਦੋਂ ਪੁਲੀਸ ਕੁੱਝ ਬਜ਼ੁਰਗਾਂ ਨੂੰ ਹਿਰਾਸਤ ਵਿੱਚ ਲੈਣ ਲੱਗੀ ਤਾਂ ਪ੍ਰਦਰਸ਼ਨਕਾਰੀਆਂ ਨੇ ‘ਸ਼ਰਮ ਕਰੋ’ ਦੇ ਨਾਅਰੇ ਲਾਏ।

