ਪੰਜਾਬੀਆਂ ਨੇ ਹਰ ਮੁਸੀਬਤ ਦਾ ਟਾਕਰਾ ਕੀਤਾ: ਕਟਾਰੀਆ

News Online
2 Min Read

ਆਪਣਾ ਪੰਜਾਬ ਮੀਡੀਆ : ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਵਿਸ਼ਵਕਰਮਾ ਭਵਨ ’ਚ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਵਿੱਚ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਅਤੇ ਸਨਅਤਕਾਰ ਹਰੀ ਸਿੰਘ ਪ੍ਰੀਤ ਗਰੁੱਪ, ਚਰਨਜੀਤ ਸਿੰਘ ਮਲਕੀਤ ਐਗਰੋ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੰਬੋਧਨ ਕਰਦਿਆਂ ਜੱਸਾ ਸਿੰਘ ਰਾਮਗੜ੍ਹੀਆ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ (ਲੋਕਾਂ) ਨੇ ਹਰ ਮੁਸੀਬਤ ਦਾ ਸਾਹਮਣਾ ਹੱਸ ਕੇ ਕੀਤਾ ਹੈ, ਭਾਵੇਂ ਕਿ ਉਹ ਹੜ੍ਹ ਦੀ ਸਥਿਤੀ ਕਿਉਂ ਨਾ ਹੋਵੇ।

ਰਾਜਪਾਲ  ਕਟਾਰੀਆ ਮੁਤਾਬਕ, ‘‘ਹੜ੍ਹਾਂ ਦੌਰਾਨ ਪੰਜਾਬੀਆਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਇਹ ਪੰਜਾਬੀਆਂ ਦੀ ਖਾਸੀਅਤ ਹੈ ਕਿ ਉਹ ਔਖੇ ਵੇਲੇ ਵੀ ਹੌਸਲਾ ਨਹੀਂ ਹਾਰਦੇੇ।’’ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁਆਂਢੀ ਮੁਲਕ ਵੱਲੋਂ ਨਸ਼ਿਆਂ ਨਾਲ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਲਈ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਸ਼ੇ ਭੇਜੇ ਜਾ ਰਹੇ ਹਨ। ਪਹਿਲਾਂ ਉਨ੍ਹਾਂ ਵੱਲੋਂ ਜ਼ਿਆਦਾ ਵੱਡੇ ਡਰੋਨ ਭੇਜੇ ਜਾਂਦੇ ਸਨ ਜਿਨ੍ਹਾਂ ਨੂੰ ਸਾਡੇ ਜਵਾਨ ਰੋਕ ਲੈਂਦੇ ਸਨ। ਹੁਣ ਗੁਆਂਢੀ ਮੁਲਕ ਨਵੀਂ ਤਕਨੀਕ ਨਾਲ ਡਰੋਨ ਭੇਜ ਰਿਹਾ ਹੈ ਜਿਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਰਲ ਕੇ ਅੱਗੇ ਆਉਣਾ ਪਵੇਗਾ।

Share This Article
Leave a Comment

Leave a Reply