ਆਪਣਾ ਪੰਜਾਬ ਮੀਡੀਆ : ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ ਲਿਆ ਕੀਤਾ ਹੈ। ਮੁਲਕ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ 76 ਸੰਸਦ ਮੈਂਬਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ; 41 ਨੇ ਵਿਰੋਧ ਕੀਤਾ। ਵੋਟਿੰਗ ਦੌਰਾਨ 4 ਮੈਂਬਰ ਗ਼ੈਰ-ਹਾਜ਼ਰ ਸਨ। ਸੰਸਦ ਵਿੱਚ ਹਿਜ਼ਬੁੱਲਾ ਦੇ 13 ਮੈਂਬਰੀ ਬਲਾਕ ਨੇ ਵਾਧੇ ਦੀ ਹਮਾਇਤ ਵਿੱਚ ਵੋਟ ਪਾਈ।
ਇਸ ਦੌਰਾਨ ਇਜ਼ਰਾਇਲੀ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੀ ਵਿੱਤੀ ਇਮਦਾਦ ਕਰਨ ਵਾਲੀ ਜਥੇਬੰਦੀ ਅਲ-ਕਾਰਦ ਅਲ-ਹਸਨ ਨੂੰ ਨਿਸ਼ਾਨਾ ਬਣਾਇਆ ਜਦੋਂਕਿ ਉਸ ਦੀਆਂ ਜ਼ਮੀਨੀ ਫੌਜਾਂ ਨੇ ਸਮੂਹ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਬਨਾਨ ਦੇ ਦੱਖਣ ਵਿੱਚ ਹਮਲੇ ਕੀਤੇ ਹਨ। ਇਜ਼ਰਾਈਲ ਨਾਲ ਜਾਰੀ ਜੰਗ ਕਰ ਕੇ ਪੰਜ ਲੱਖ ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਮੁਲਕ ਦੇ ਵੱਡੇ ਹਿੱਸੇ ਵਿੱਚ ਚੋਣਾਂ ਕਰਵਾਉਣੀਆਂ ਮੁਸ਼ਕਲ ਹੋ ਗਈਆਂ ਹਨ। ਦੇਸ਼ ਵਿੱਚ ਸੰਸਦੀ ਚੋਣਾਂ ਮਈ ਲਈ ਤਜਵੀਜ਼ਤ ਸਨ।

