ਖਮੇਨੇਈ ਦੀ ਮੌਤ ਦੇ ਰੋਸ ਵਜੋਂ ਭਾਰਤ ਦੇਸ਼ ਭਰ ’ਚ ਰੋਸ ਮੁਜ਼ਾਹਰੇ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ-ਇਜ਼ਰਾਈਲ ਦੇ ਹਮਲੇ ’ਚ ਇਰਾਨ ਦੇ ਸਰਵਉੱਚ ਆਗੂ ਆਇਤੁੱਲਾ ਅਲੀ ਖਮੇਨੇਈ ਦੀ ਮੌਤ ’ਤੇ ਦੇਸ਼ ’ਚ ਸ਼ਿਆ ਭਾਈਚਾਰੇ ਦੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਗਏ ।

ਕਸ਼ਮੀਰ ਜਿੱਥੇ ਤਕਰੀਬਨ 15 ਲੱਖ ਸ਼ੀਆ ਰਹਿੰਦੇ ਹਨ, ’ਚ ਲਾਲ ਚੌਕ, ਸੈਦਾ ਕਦਲ, ਬਡਗਾਮ, ਬਾਂਦੀਪੋਰਾ, ਅਨੰਤਨਾਗ ਤੇ ਪੁਲਵਾਮਾ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਅਤੇ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਘਟਨਾਕ੍ਰਮ ’ਤੇ ਚਿੰਤਾ ਜ਼ਾਹਿਰ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਰਾਨ ’ਚ ਮੌਜੂਦ ਜੰਮੂ ਕਸ਼ਮੀਰ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਕਸ਼ਮੀਰ ’ਚ ਮੁੱਖ ਧਾਰਮਿਕ ਆਗੂ ਮੀਰਵਾਈਜ਼ ਉਮਰ ਫਾਰੂਕ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਲੋਕਾਂ ਦੇ ਰੋਸ ਮੁਜ਼ਾਹਰਿਆਂ ਨੂੰ ਦੇਖਦਿਆਂ ਕਸ਼ਮੀਰ ’ਚ ਸਕੂਲ ਤੇ ਕਾਲਜ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।

ਉੱਧਰ, ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਵੱਡੀ ਗਿਣਤੀ ਲੋਕ ਬੜਾ ਇਮਾਮਬਾੜਾ ਮਸਜਿਦ ਨੇੜੇ ਇਕੱਠੇ ਹੋਏ ਅਤੇ ਉਨ੍ਹਾਂ ਖਮੇਨੇਈ ਦੀ ਮੌਤ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਆਲ ਇੰਡੀਆ ਸ਼ਿਆ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਯਸੂਬ ਅੱਬਾਸ ਨੇ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਸਾੜੇ ਜਾਣਗੇ।

ਪੰਜਾਬ ਦੇ ਲੁਧਿਆਣਾ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਖਮੇਨੇਈ ਨੂੰ ਮਾਰ ਮੁਕਾਏ ਜਾਣ ਦੀ ਆਲੋਚਨਾ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਸਾਹਮਣੇ ‘ਗੋਡੇ ਟੇਕਣ’ ਮਗਰੋਂ ਪ੍ਰਧਾਨ ਮੰਤਰੀ ਪ੍ਰਭਾਵਿਤ ਦੇਸ਼ਾਂ ’ਚ ਫਸੇ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕੋੋਸ਼ਿਸ਼ ਕਰਨਗੇ।

Share This Article
Leave a Comment

Leave a Reply