ਸੰਗਤਾਂ ਜ਼ਖਮੀ ਪਾਵਨ ਸਰੂਪ ਦੇ 6 ਜੂਨ ਤੱਕ ਕਰ ਸਕਦੀਆਂ ਹਨ ਦਰਸ਼ਨ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਜੂਨ 1984 ਸਾਕਾ ਨੀਲਾ ਤਾਰਾ ਸਮੇਂ ਫੌਜ ਦੀ ਗੋਲੀ ਨਾਲ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੰਗਤ ਦਰਸ਼ਨ ਵਾਸਤੇ ਸੁਸ਼ੋਭਿਤ ਕੀਤਾ ਗਿਆ ਹੈ। ਜ਼ਖਮੀ ਪਾਵਨ ਸਰੂਪ ਦੇ 6 ਜੂਨ ਤੱਕ ਇੱਥੇ ਸੰਗਤ ਦਰਸ਼ਨ ਕਰ ਸਕੇਗੀ। ਇਸ ਸਬੰਧ ਵਿੱਚ ਅੱਜ ਇੱਥੇ ਗੁਰਮਤਿ ਪਰੰਪਰਾ ਅਨੁਸਾਰ ਗੁਰਬਾਣੀ ਦਾ ਕੀਰਤਨ ਤੇ ਅਰਦਾਸ ਕੀਤੀ ਗਈ ਅਤੇ ਪਾਵਨ ਸਰੂਪ ਨੂੰ ਸਿੱਖ ਸੰਗਤ ਤੇ ਦਰਸ਼ਨਾਂ ਵਾਸਤੇ ਸੁਸ਼ੋਭਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਗੋਲੀ ਲੱਗੀ ਸੀ, ਜਿਸ ਕਾਰਨ ਕਈ ਅੰਗ ਜ਼ਖਮੀ ਹੋ ਗਏ ਸਨ।ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਘੱਲੂਘਾਰਾ ਸਪਤਾਹ ਸਮੇਂ ਸੰਗਤ ਦਰਸ਼ਨ ਵਾਸਤੇ ਲਿਆਂਦਾ ਜਾਂਦਾ ਹੈ। ਪਾਵਨ ਸਰੂਪ ਵਿੱਚ ਲੱਗੀ ਗੋਲੀ, ਜ਼ਖਮੀ ਹੋਏ ਅੰਗਾਂ ਦੇ ਹਿੱਸੇ ਅਤੇ ਹੋਰ ਸਮਾਨ ਵੀ ਸੰਭਾਲਿਆ ਗਿਆ ਹੈ, ਜੋ ਕਿ ਨਾਲ ਹੀ ਦਰਸ਼ਨਾ ਲਈ ਰੱਖੇ ਗਏ ਹਨ। ਦੱਸਣਯੋਗ ਹੈ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਜਾਨੀ ਨੁਕਸਾਨ ਵੀ ਹੋਇਆ ਸੀ। ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਮੇਤ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਸਨ।