ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਨੇ ਅੱਜ ਬਾਅਦ ਦੁਪਹਿਰ ਬਿਨਾਂ ਕਿਸੇ ਚਿਤਾਵਨੀ ਦੇ ਕੇਂਦਰੀ ਬੈਰੂਤ ਦੇ ਕਈ ਸੰਘਣੇ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ ਉੱਤੇ ਹਵਾਈ ਹਮਲੇ ਕੀਤੇ। ਹਮਲੇ ਅਮਰੀਕਾ ਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਮਗਰੋਂ ਕੀਤੇ ਗਏ। ਇਜ਼ਰਾਈਲ ਨੇ ਸਾਫ਼ ਕਰ ਦਿੱਤਾ ਹੈ ਕਿ ਲੈਬਨਾਨ ਵਿੱਚ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸਮੂਹ ਹਿਜ਼ਬੁੱਲਾ ਖ਼ਿਲਾਫ਼ ਹਮਲੇ ਜੰਗਬੰਦੀ ਦੇ ਦਾਇਰੇ ਵਿੱਚ ਨਹੀਂ ਆਉਂਦੇ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਕਿ ਲੈਬਨਾਨ ’ਚ ਹਿਜ਼ਬੁੱਲਾ ’ਤੇ ਹਮਲੇ ਜੰਗਬੰਦੀ ਦੇ ਦਾਇਰੇ ਵਿੱਚ ਨਹੀਂ ਆਉਂਦੇ ਹਨ।
ਇਜ਼ਰਾਇਲੀ ਫ਼ੌਜ ਨੇ ਮੌਜੂਦਾ ਜੰਗ ਦੌਰਾਨ ਤਾਲਮੇਲ ਨਾਲ ਕੀਤੇ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਵਿੱਚ ਬੈਰੂਤ, ਦੱਖਣੀ ਲੈਬਨਾਨ ਤੇ ਪੂਰਬੀ ਬੇਕਾ ਵਾਦੀ ਵਿੱਚ 10 ਮਿੰਟਾਂ ਦੇ ਅੰਦਰ ਹਿਜ਼ਬੁੱਲਾ ਦੇ 100 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਮੁੰਦਰ ਕੱਢੇ ਵੱਸੀ ਰਾਜਧਾਨੀ ਵਿੱਚ ਕਈ ਥਾਵਾਂ ਤੋਂ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਹਮਲੇ ਵਿੱਚ ਅਪਾਰਟਮੈਂਟ ਬਿਲਡਿੰਗ ਨੂੰ ਵੀ ਨੁਕਸਾਨ ਪੁੱਜਾ। ਲੈਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹਮਲਿਆਂ ’ਚ 89 ਵਿਅਕਤੀ ਮਾਰੇ ਗਏ 700 ਹੋਰ ਜ਼ਖ਼ਮੀ ਹੋਏ ਹਨ।

