ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਫੇਰੀ ਦਾ ਮੁੱਖ ਉਦੇਸ਼ ਪਿਛਲੇ ਕੁਝ ਸਾਲਾਂ ਦੌਰਾਨ ਕਮਜ਼ੋਰ ਪਏ ਦੁਵੱਲੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨਾ ਸੀ। ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਨੀ ਦੀ ਮੌਜੂਦਗੀ ਵਿੱਚ ਤਕਨਾਲੋਜੀ, ਊਰਜਾ ਅਤੇ ਸੱਭਿਆਚਾਰਕ ਸਹਿਯੋਗ ਸਮੇਤ ਕਈ ਖੇਤਰਾਂ ਨਾਲ ਸੰਬੰਧਿਤ ਸਮਝੌਤਿਆਂ (MoU) ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਕਾਰਨੀ ਨੇ ਮੌਜੂਦਾ ਸਥਿਤੀ ਨੂੰ “ਭਾਈਵਾਲੀ ਦੇ ਨਵੇਂ ਯੁੱਗ” ਵਜੋਂ ਦਰਸਾਉਂਦੇ ਹੋਏ ਕਿਹਾ ਕਿ ਕੈਨੇਡਾ ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡੀਅਨ ਕੰਪਨੀ ਕੈਮੇਕੋ ਨੇ ਭਾਰਤ ਨੂੰ ਯੂਰੇਨੀਅਮ ਸਪਲਾਈ ਕਰਨ ਲਈ ਲੰਬੇ ਸਮੇਂ ਦਾ ਸਮਝੌਤਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰੀਬ 20 ਲੱਖ ਕੈਨੇਡੀਅਨਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹਨ ਅਤੇ ਦੋਵੇਂ ਦੇਸ਼ ਰੱਖਿਆ ਸਹਿਯੋਗ ਸਮਝੌਤੇ ਨੂੰ ਨਵਿਆਉਣ ਦੀ ਪ੍ਰਕਿਰਿਆ ਵਿੱਚ ਹਨ।

