ਆਪਣਾ ਪੰਜਾਬ ਮੀਡੀਆ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ‘243ਵੇਂ ਦਿੱਲੀ ਫਤਿਹ ਦਿਵਸ’ ਦੇ ਪਵਿੱਤਰ ਮੌਕੇ ‘ਤੇ ਗੁਰਮਤਿ ਸਮਾਗਮ ਪਹਿਲੇ ਦਿਨ ਲਾਲ ਕਿਲ੍ਹਾ ਮੈਦਾਨ ਵਿਖੇ ਧੂਮਧਾਮ ਨਾਲ ਆਰੰਭ ਹੋ ਗਏ ਹਨ।
ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਕਿ ਫਤਿਹ ਦਿਵਸ ਦੇ ਪਹਿਲੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਨਵੇਂ ਬਣੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੇਤ ਮਹਾਂਪੁਰਖਾਂ, ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜੱਥੇਬੰਦੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਤੇ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੇ ਦੇਸ਼ ਅਤੇ ਕੌਮ ਲਈ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਸਮਾਗਮ ਵਿੱਚ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨਾਲ ਭਰਪੂਰ ਹਾਜ਼ਰੀ ਲਗਵਾਈ। ਸੰਗਤਾਂ ਦੀ ਵਿਸ਼ਾਲ ਭਾਗੀਦਾਰੀ ਨੇ ਸਮਾਗਮ ਨੂੰ ਵਿਲੱਖਣ ਰੂਪ ਬਖ਼ਸ਼ਿਆ ਅਤੇ ਪੂਰਾ ਮਾਹੌਲ ਗੁਰਬਾਣੀ ਦੇ ਰਸ ਨਾਲ ਗੂੰਜ ਉਠਿਆ। ਉਨ੍ਹਾਂ ਕਿਹਾ ਕਿ ਦਿੱਲੀ ਫਤਿਹ ਦਿਵਸ ਸਿੱਖ ਕੌਮ ਦੀ ਬਹਾਦਰੀ, ਆਤਮਿਕਤਾ ਅਤੇ ਕੁਰਬਾਨੀ ਦੀ ਮਹਾਨ ਵਿਰਾਸਤ ਦਾ ਪ੍ਰਤੀਕ ਹੈ, ਜਿਸ ਨੂੰ ਮਨਾਉਣਾ ਹਰ ਸਿੱਖ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਨਾਲ ਜੋੜਨ ਦਾ ਇਕ ਅਹਿਮ ਜਰੀਆ ਵੀ ਹੈ।

