ਆਪਣਾ ਪੰਜਾਬ ਮੀਡੀਆ : ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਲਈ ਬਰਫ ਹਟਾ ਕੇ ਰਸਤੇ ਤਿਆਰ ਕਰ ਰਹੀ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰਸਟ ਦੇ ਵਲੰਟੀਅਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ, ਜਿੱਥੇ ਉਹਨਾਂ ਅਰਦਾਸ ਕਰਨ ਮਗਰੋਂ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਤਹਿਤ ਸੰਗਤ ਵਾਸਤੇ ਗੁਰਦੁਆਰੇ ਦੇ ਕਿਵਾੜ 23 ਮਈ ਨੂੰ ਖੋਲੇ ਜਾਣਗੇ। ਜਦੋਂ ਕਿ ਯਾਤਰਾ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ 20 ਮਈ ਨੂੰ ਪਹਿਲੇ ਜਥੇ ਦੀ ਰਵਾਣਗੀ ਨਾਲ ਆਰੰਭ ਹੋਵੇਗੀ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਸਤਿਆਂ ਵਿੱਚ ਜੰਮੀ ਹੋਈ ਬਰਫ ਹਟਾ ਰਹੇ ਭਾਰਤੀ ਫੌਜ ਤੇ ਜਵਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਏ ਹਨ ਹੁਣ ਉਹ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣਗੇ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਵਲੰਟੀਅਰਾਂ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਗੁਰਦੁਆਰੇ ਦੇ ਮੁੱਖ ਦਰਵਾਜੇ ਦੇ ਬਾਹਰ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਇਹ ਜਵਾਨ ਲਗਪਗ ਡੇਢ ਕਿਲੋਮੀਟਰ ਦੂਰ ਅਟਲਾਕੋਟੀ ਗਲੇਸ਼ੀਅਰ\B ਤੇ ਸਨ, ਉਹਨਾਂ ਨੇ ਅਟਲਾ ਕੋਟੀ ਗਲੇਸ਼ੀਅਰ ਤੋਂ ਬਰਫ ਹਟਾਈ ਹੈ ਅਤੇ ਰਸਤੇ ਤਿਆਰ ਕੀਤੇ ਹਨ। ਅਟਲਾ ਕੋਟੀ ਗਲੇਸ਼ੀਅਰ ਤੇ ਤਿੰਨ ਤੋਂ ਪੰਜ ਫੁੱਟ ਤੱਕ ਬਰਫ ਜੰਮੀ ਹੋਈ ਸੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਵੀ ਪੰਜ ਫੁੱਟ ਤੋਂ ਵੱਧ ਬਰਫ ਜੰਮੀ ਹੋਈ ਹੈ।

