ਆਪਣਾ ਪੰਜਾਬ ਮੀਡੀਆ : ਹਿਮਾਚਲ ਪ੍ਰਦੇਸ਼ ਦੀਆਂ 51 ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਅੱਜ 69.16 ਫ਼ੀਸਦੀ ਮਤਦਾਨ ਹੋਇਆ। ਸੂਬੇ ਦੇ ਮੁੱਖ ਚੋਣ ਕਮਿਸ਼ਨਰ ਅਨਿਲ ਖਾਚੀ ਨੇ ਦੱਸਿਆ ਕਿ ਸੂਬੇ ਵਿੱਚ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਹੀ। ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 72.42 ਫ਼ੀਸਦੀ; ਚਾਰ ਨਗਰ ਨਿਗਮਾਂ ਵਿੱਚ 63.44 ਫ਼ੀਸਦੀ ਵੋਟਾਂ ਪਈਆਂ। ਅੰਕੜਿਆਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਧਰਮਸ਼ਾਲਾ, ਸੋਲਨ, ਮੰਡੀ ਅਤੇ ਪਾਲਮਪੁਰ ਨਗਰ ਨਿਗਮਾਂ ਦੇ 64 ਵਾਰਡਾਂ, 25 ਨਗਰ ਕੌਂਸਲਾਂ ਦੇ 229 ਵਾਰਡਾਂ ਅਤੇ 22 ਨਗਰ ਪੰਚਾਇਤਾਂ ਦੇ 156 ਵਾਰਡਾਂ ਲਈ ਇੱਕੋ ਗੇੜ ਵਿੱਚ ਵੋਟਾਂ ਪਈਆਂ। ਕੁੱਲ 449 ਸੀਟਾਂ ਲਈ 1,147 ਉਮੀਦਵਾਰ ਮੈਦਾਨ ਵਿੱਚ ਹਨ। ਇਸ ਦੌਰਾਨ ਚੰਬਾ ਨਗਰ ਕੌਂਸਲ ਚੋਣਾਂ ਦੌਰਾਨ ਵੋਟ ਪਾਉਣ ਜਾ ਰਹੇ 70 ਸਾਲਾ ਅੰਜਨ ਸ਼ਰਮਾ ਦੀ ਪੋਲਿੰਗ ਬੂਥ ਨੇੜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਊਨਾ ਦੇ ਸਾਂਤਾਗੜ੍ਹ ਵਿੱਚ ਭਾਜਪਾ ਵਿਧਾਇਕ ਸਤਪਾਲ ਸਿੰਘ ਸੱਤੀ ਦੇ ਬੂਥ ਅੰਦਰ ਜਾਣ ਕਾਰਨ ਹੰਗਾਮਾ ਹੋਇਆ।

