ਆਪਣਾ ਪੰਜਾਬ ਮੀਡੀਆ : ਹੈਂਟਾਵਾਇਰਸ ਦਾ ਸ਼ਿਕਾਰ ਕਰੂਜ਼ ਬੇੜਾ 140 ਤੋਂ ਵੱਧ ਲੋਕਾਂ ਨੂੰ ਲੈ ਕੇ ਸਪੇਨ ਦੇ ਕੈਨਰੀ ਆਈਲੈਂਡਜ਼ ਦੇ ਸਭ ਤੋਂ ਵੱਡੇ ਟਾਪੂ ਟੇਨੇਰਿਫ ਪਹੁੰਚ ਗਿਆ ਹੈ। ਬੇੜੇ ’ਤੇ 20 ਤੋਂ ਵੱਧ ਮੁਲਕਾਂ ਦੇ ਲੋਕ ਸਵਾਰ ਹਨ। ਪੱਛਮੀ ਅਫਰੀਕੀ ਸਾਹਿਲ ਕੋਲ ਸਥਿਤ ਇਸ ਟਾਪੂ ਉੱਤੇ ਐਤਵਾਰ ਨੂੰ ਮੁਸਾਫ਼ਰਾਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਉਤਾਰਿਆ ਗਿਆ ਹੈ। ਇਨ੍ਹਾਂ ਵਿੱਚ ਲੱਛਣਾਂ ਦੀ ਜਾਂਚ ਮਗਰੋਂ ਇਨ੍ਹਾਂ ਨੂੰ ਨਿਕਾਸੀ ਉਡਾਣਾਂ ਰਾਹੀਂ ਆਪੋ ਆਪਣੀ ਮੰਜ਼ਿਲ ਉੱਤੇ ਭੇਜ ਦਿੱਤਾ ਗਿਆ।
ਆਲਮੀ ਸਿਹਤ ਸੰਸਥਾ ਤੇ ਸਪੇਨ ਦੇ ਸਿਹਤ ਮੰਤਰਾਲੇ ਵੱਲੋਂ ਇਸ ਪੂਰੇ ਅਪਰੇਸ਼ਨ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ਕਿਹਾ ਕਿ ਇਹ ਪੂਰਾ ਅਪਰੇਸ਼ਨ ਬੜੇ ਆਰਾਮ ਨਾਲ ਚੱਲ ਰਿਹਾ ਹੈ। ਆਲਮੀ ਸਿਹਤ ਸੰਗਠਨ (ਡਬਲਿਊ ਐੱਚ ਓ) ਸਪੇਨ ਦੇ ਅਧਿਕਾਰੀਆਂ ਤੇ ਕਰੂਜ਼ ਕੰਪਨੀ ‘ਓਸ਼ਨਵਾਈਡ ਐਕਸਪੀਡੀਸ਼ਨਜ਼ ਨੇ ਕਿਹਾ ਕਿ ‘ਐੱਮ ਵੀ ਹੌਂਡੀਅਸ’ ਵਿਚ ਸਵਾਰ ਕਿਸੇ ਵੀ ਵਿਅਕਤੀ ਵਿੱਚ ਹਾਲ ਦੀ ਘੜੀ ਵਾਇਰਸ ਦੇ ਲੱਛਣ ਨਜ਼ਰ ਨਹੀਂ ਆਏ। ਸਪੇਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕਰੂਜ਼ ਬੇੜੇ ਤੋਂ ਸਭ ਤੋਂ ਪਹਿਲਾਂ ਸਪੈਨਿਸ਼ ਨਾਗਰਿਕ ਉੱਤਰੇ ਤੇ ਉਨ੍ਹਾਂ ਨੂੰ ਛੋਟੀਆਂ ਕਿਸ਼ਤੀਆਂ, ਜਿਨ੍ਹਾਂ ਵਿੱਚ 5 ਤੋਂ 10 ਲੋਕ ਸਵਾਰ ਹੋ ਸਕਦੇ ਹਨ, ਵਿੱਚ ਲਿਜਾਇਆ ਗਿਆ।

