ਆਪਣਾ ਪੰਜਾਬ ਮੀਡੀਆ : ਕੈਨੇਡਾ ਵਿੱਚ ਦੋ ਫ੍ਰਸਟ ਨੇਸ਼ਨ ਆਗੂਆਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ, ਜਦੋਂ ਉਨ੍ਹਾਂ ਨੇ ਇੱਕ ਪ੍ਰਦਰਸ਼ਨਕਾਰੀ ਬਾਰੇ ਕਿਹਾ ਸੀ ਕਿ ਉਹ ਉਸਨੂੰ “ਆਊਟਲਾਸਟ” ਕਰ ਸਕਦੇ ਹਨ। ਇਹ ਪ੍ਰਦਰਸ਼ਨ ਗ੍ਰੈਸੀ ਨੈਰੋਜ਼ ਦੀ ਰਹਿਣ ਵਾਲੀ ਕ੍ਰਿਸੀ ਆਇਜ਼ੈਕਸ ਵੱਲੋਂ ਕੀਤਾ ਜਾ ਰਿਹਾ ਸੀ, ਜੋ ਆਪਣੇ ਭਾਈਚਾਰੇ ਵਿੱਚ ਪਾਰਾ ਜ਼ਹਿਰਲੇਪਣ (Mercury Poisoning) ਦੀ ਸਮੱਸਿਆ ਕਾਰਨ ਪ੍ਰਭਾਵਿਤ ਹੈ ਅਤੇ ਮੁਆਵਜ਼ੇ ਦੀ ਮੰਗ ਕਰ ਰਹੀ ਸੀ।
1960 ਤੋਂ 1970 ਦੇ ਦਹਾਕੇ ਦੌਰਾਨ ਡ੍ਰਾਇਡਨ ਪੇਪਰ ਮਿਲ ਵੱਲੋਂ ਹਜ਼ਾਰਾਂ ਕਿਲੋਗ੍ਰਾਮ ਪਾਰਾ ਦਰਿਆ ਪ੍ਰਣਾਲੀ ਵਿੱਚ ਛੱਡਿਆ ਗਿਆ ਸੀ, ਜਿਸਦਾ ਅਸਰ ਅੱਜ ਵੀ ਕਮਿਊਨਿਟੀ ਦੇ ਲੋਕਾਂ `ਤੇ ਪੈ ਰਿਹਾ ਹੈ।
ਸੋਮਵਾਰ ਨੂੰ ਟੋਰਾਂਟੋ ਵਿੱਚ ਪ੍ਰਦਰਸ਼ਨ ਦੌਰਾਨ, ਜਦੋਂ ਪ੍ਰਧਾਨ ਮੰਤਰੀ ਕਾਰਨੀ ਅਤੇ ਓਂਟਾਰਿਓ ਪ੍ਰੀਮੀਅਰ ਡਗ ਫੋਰਡ ਹਾਊਸਿੰਗ ਲਈ ਨਵੀਂ ਫੰਡਿੰਗ ਦਾ ਐਲਾਨ ਕਰ ਰਹੇ ਸਨ, ਓਦੋਂ ਇਹ ਟਿੱਪਣੀ ਕੀਤੀ ਗਈ।
ਗ੍ਰੈਸੀ ਨੈਰੋਜ਼ ਅਤੇ ਵਾਬਾਸੀਮੂੰਗ ਫ੍ਰਸਟ ਨੇਸ਼ਨ ਦੇ ਮੁਖੀਆਂ ਨੇ ਇਸ ਬਿਆਨ ਨੂੰ ਗੈਰ-ਪੇਸ਼ਾਵਰ ਕਰਾਰ ਦਿੰਦਿਆਂ ਮੁਾਫ਼ੀ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਕਾਰਨੀ ਪ੍ਰਦਰਸ਼ਨਕਾਰੀਆਂ ਦੀ ਗੱਲ ਨਹੀਂ ਸੁਣ ਸਕੇ ਸਨ, ਪਰ ਸਟਾਫ਼ ਨੇ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ।

