ਆਪਣਾ ਪੰਜਾਬ ਮੀਡੀਆ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਮਜ਼ਬੂਤ ਸਮਝੌਤਾ ਹੈ ਜੋ ਦੋਹਾਂ ਦੇਸ਼ਾਂ ਦੀਆਂ ਸੰਵੇਦਨਸ਼ੀਲਤਾਵਾਂ ਦਾ ਸਤਿਕਾਰ ਕਰਦਾ ਹੈ। ਇਹ ਅਗਲੇ ਢਾਈ ਸਾਲਾਂ ਵਿੱਚ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਵੱਲ ਤੇਜ਼ੀ ਨਾਲ ਲੈ ਕੇ ਜਾਵੇਗਾ।
ਇਕ ਵਿਸ਼ੇਸ਼ ਇੰਟਰਵਿਊ ਵਿੱਚ ਇਸ ਸਮਝੌਤੇ ਨੂੰ ‘ਕਿਸਾਨ ਸੁਰੱਖਿਅਤ, ਭਾਰਤ ਵਿਕਸਿਤ ਸਮਝੌਤਾ’ ਦਾ ਨਾਮ ਦਿੰਦੇ ਹੋਏ ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ 2047 ਤੱਕ ਭਾਰਤ ਅਰਥਚਾਰੇ ਨੂੰ ਅੱਠ ਗੁਣਾ ਵਧਾ ਕੇ 30 ਖਰਬ ਡਾਲਰ ਤੋਂ ਵੱਧ ਦਾ ਬਣਾਉਣ ਲਈ ਕੰਮ ਕਰ ਰਹੀ ਹੈ। ਇਹ ਦੋਵੇਂ ਦੇਸ਼ਾਂ ਲਈ ਲਾਹੇਵੰਦ ਸਮਝੌਤਾ ਹੈ ਅਤੇ ਭਾਰਤੀ ਕਿਸਾਨਾਂ ਦੇ ਮੁੱਖ ਹਿੱਤਾਂ ਦੀ 100 ਫੀਸਦ ਰਾਖੀ ਕਰਦਾ ਹੈ। ਉਨ੍ਹਾਂ ਕਿਹਾ ਕਿ ਲਾਭਾਂ ਦੇ ਪ੍ਰਸੰਗ ਵਿੱਚ, ਸਾਡੇ ਸਾਰੇ ਉਤਪਾਦਾਂ ਨੂੰ ਹੁਣ ਜਵਾਬੀ ਟੈਰਿਫ ਦਾ ਫਾਇਦਾ ਮਿਲੇਗਾ। ਸਾਡੀ ਲਗਭਗ ਅੱਧੀ ਬਰਾਮਦ ਸਿਫ਼ਰ ਜਵਾਬੀ ਟੈਕਸ ’ਤੇ ਜਾਰੀ ਰਹੇਗੀ। ਦਵਾਈਆਂ ਅਤੇ ਸਮਾਰਟਫੋਨਾਂ ’ਤੇ ਟੈਕਸ ਸਿਫ਼ਰ ਹੋਵੇਗਾ।

