ਆਪਣਾ ਪੰਜਾਬ ਮੀਡੀਆ : ਟੋਰਾਂਟੋ ਦੇ ਨੇੜੇ ਸਥਿਤ ਡਾਰਲਿੰਗਟਨ ਨਿਊਕਲੀਅਰ ਪਾਵਰ ਪਲਾਂਟ ਦੀ ਵੱਡੀ ਮੁਰੰਮਤ ਅਤੇ ਅੱਪਗ੍ਰੇਡਿੰਗ ਦਾ ਕੰਮ ਨਿਰਧਾਰਤ ਸਮੇਂ ਤੋਂ ਕਈ ਮਹੀਨੇ ਪਹਿਲਾਂ ਅਤੇ ਲਗਭਗ 150 ਮਿਲੀਅਨ ਡਾਲਰ ਬਜਟ ਤੋਂ ਘੱਟ ਲਾਗਤ `ਚ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਓਂਟਾਰੀਓ ਦੇ ਊਰਜਾ ਮੰਤਰੀ ਸਟੀਫ਼ਨ ਲੈੱਚੇ ਵੱਲੋਂ ਦਿੱਤੀ ਗਈ।2016 ਵਿੱਚ ਐਲਾਨੇ ਗਏ ਇਸ ਪ੍ਰੋਜੈਕਟ ਤਹਿਤ ਡਾਰਲਿੰਗਟਨ ਪਲਾਂਟ ਦੇ ਚਾਰ ਨਿਊਕਲੀਅਰ ਰਿਐਕਟਰਾਂ ਦੀ ਵਿਆਪਕ ਮੁਰੰਮਤ ਕੀਤੀ ਗਈ।
ਸੂਬਾ ਸਰਕਾਰ ਇਸਨੂੰ ਦੁਨੀਆਂ ਦਾ ਸਭ ਤੋਂ ਵੱਡਾ ਨਿਊਕਲੀਅਰ ਰਿਫਰਬਿਸ਼ਮੈਂਟ ਪ੍ਰੋਜੈਕਟ ਦੱਸਦੀ ਹੈ। ਯੂਨਿਟ-4 ਰਿਐਕਟਰ ਨੂੰ ਪਹਿਲਾਂ ਅਗਸਤ ਵਿੱਚ ਮੁੜ ਚਾਲੂ ਕੀਤਾ ਜਾਣਾ ਸੀ, ਪਰ ਹੁਣ ਇਹ ਇਸ ਮਹੀਨੇ ਹੀ ਸ਼ੁਰੂਆਤੀ ਬਿਜਲੀ ਟੈਸਟਾਂ ਲਈ ਤਿਆਰ ਹੋ ਜਾਵੇਗਾ।ਓਂਟਾਰੀਓ ਪਾਵਰ ਜਨਰੇਸ਼ਨ ਦੀ ਸੀਈਓ ਨਿਕੋਲ ਬੁਚਰ ਨੇ ਕਿਹਾ ਕਿ ਇਹ ਪ੍ਰੋਜੈਕਟ ਸਮੇਂ ਤੋਂ ਪਹਿਲਾਂ ਅਤੇ ਬਜਟ ਅੰਦਰ ਪੂਰਾ ਹੋਣਾ ਟੀਮ ਦੀ ਸਮਰਥਾ ਨੂੰ ਸਾਬਤ ਕਰਦਾ ਹੈ। ਇਸ ਮੁਰੰਮਤ ਨਾਲ ਪਲਾਂਟ ਦੀ ਉਮਰ ਘੱਟੋ-ਘੱਟ 2055 ਤੱਕ ਵਧ ਜਾਵੇਗੀ ਅਤੇ ਇਹ 3,500 ਮੇਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਕਰੇਗਾ, ਜੋ ਓਂਟਾਰੀਓ ਦੇ ਲਗਭਗ 35 ਲੱਖ ਘਰਾਂ ਲਈ ਕਾਫ਼ੀ ਹੈ।

