ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਵੀਰਵਾਰ ਨੂੰ ਇੱਕ ਪਾਰਲੀਮੈਂਟਰੀ ਕਮੇਟੀ ਅੱਗੇ ਕਿਹਾ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਸੰਬੰਧਿਤ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਕਾਫ਼ੀ ਵਧਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨਵੇਂ ਪ੍ਰਸਤਾਵਿਤ ਕਾਨੂੰਨੀ ਢਾਂਚੇ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀਆਂ ’ਤੇ ਕੰਮ ਕਰ ਰਹੀ ਹੈ, ਤਾਂ ਜੋ ਘੱਟੋ-ਘੱਟ ਜੁਰਮਾਨੇ ਦੀ ਰਕਮ ਵਧਾਈ ਜਾ ਸਕੇ।
ਆਨੰਦ ਸੰਗਰੀ ਨੇ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਹਾਲੇ ਇਹ ਤੈਅ ਨਹੀਂ ਕੀਤਾ ਗਿਆ ਕਿ ਨਵਾਂ ਘੱਟੋ-ਘੱਟ ਜੁਰਮਾਨਾ ਕਿੰਨਾ ਹੋਵੇਗਾ, ਪਰ ਇਹ ਮੌਜੂਦਾ 50 ਡਾਲਰ ਤੋਂ ਜ਼ਰੂਰ ਵੱਧ ਹੋਵੇਗਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 50 ਡਾਲਰ ਸਿਰਫ਼ ਹੇਠਲੀ ਹੱਦ ਸੀ, ਜਦਕਿ ਉੱਪਰਲੀ ਹੱਦ 1 ਡਾਲਰ ਮਿਲੀਅਨ ਤੱਕ ਹੋ ਸਕਦੀ ਹੈ। ਉਨ੍ਹਾਂ ਅਨੁਸਾਰ, ਕਿਸੇ `ਤੇ ਲੱਗਣ ਵਾਲੇ ਜੁਰਮਾਨੇ ਦੀ ਮਾਤਰਾ ਦਾ ਫ਼ੈਸਲਾ ਨਵੇਂ ਬਣਨ ਵਾਲੇ ਫ਼ੌਰਨ ਇਨਫ਼ਲੂਐਂਸ ਟ੍ਰਾਂਸਪੇਰੈਂਸੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਵੇਖਿਆ ਜਾਵੇਗਾ ਕਿ ਕੀ ਨਿਯਮ ਜਾਣਬੁੱਝ ਕੇ ਤੋੜੇ ਗਏ ਸਨ ਅਤੇ ਕੀ ਪਹਿਲਾਂ ਵੀ ਉਸ ਵਿਅਕਤੀ ਜਾਂ ਸੰਸਥਾ ਵੱਲੋਂ ਕੋਈ ਉਲੰਘਣਾ ਹੋ ਚੁੱਕੀ ਹੈ।
ਇਹ ਤਬਦੀਲੀਆਂ ਉਹਨਾਂ ਕਈ ਸੁਝਾਵਾਂ ਵਿੱਚੋਂ ਇੱਕ ਹਨ, ਜੋ ਸਰਕਾਰ ਨੂੰ ਜਨਤਾ ਅਤੇ ਵਿਰੋਧੀ ਪਾਰਟੀਆਂ ਵੱਲੋਂ ਮਿਲੀਆਂ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਕੈਨੇਡਾ ਅਤੇ ਕੈਨੇਡੀਅਨ ਚੋਣ ਪ੍ਰਣਾਲੀ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਮਹਿਫੂਜ਼ ਰੱਖਣਾ ਹੈ। ਹਾਲਾਂਕਿ, ਆਨੰਦਾਸੰਗਾਰੀ ਨੇ ਇਹ ਨਹੀਂ ਦੱਸਿਆ ਕਿ ਹੋਰ ਕਿਹੜੀਆਂ ਤਬਦੀਲੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਂਦੇ ਕੁਝ ਹਫ਼ਤਿਆਂ ਵਿੱਚ ਕੈਬਿਨੇਟ ਤੋਂ ਮਨਜ਼ੂਰੀ ਮਿਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਹ ਨਵੇਂ ਨਿਯਮ ਕੈਨੇਡਾ ਗਜ਼ਟ ਵਿੱਚ ਪ੍ਰਕਾਸਿ਼ਤ ਕੀਤੇ ਜਾਣਗੇ। ਇਸ ਕਾਨੂੰਨ ਦੇ ਤਹਿਤ ਇੱਕ ਕਮਿਸ਼ਨਰ ਦੀ ਨਿਯੁਕਤੀ ਅਤੇ ਵਿਦੇਸ਼ੀ ਸਰਕਾਰਾਂ ਲਈ ਕੰਮ ਕਰਨ ਵਾਲਿਆਂ ਦੀ ਇੱਕ ਰਜਿਸਟਰੀ ਬਣਾਈ ਜਾਣੀ ਹੈ। ਸਰਕਾਰ ਦਾ ਟੀਚਾ ਹੈ ਕਿ ਕਮਿਸ਼ਨਰ ਦਾ ਦਫ਼ਤਰ ਅਤੇ ਰਜਿਸਟਰੀ ਆਉਂਦੇ ਸਪਰਿੰਗ ਸੀਜ਼ਨ ਦੀ ਸ਼ੁਰੂਆਤ ਤੱਕ ਕਾਰਗਰ ਹੋ ਜਾਵੇ।

