ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫਤੇ ਜਰਮਨੀ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰੇ ਦੌਰਾਨ ਕਾਰਨੀ ਦਾ ਇਰਾਦਾ ਜਰਮਨੀ ਨਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਾ ਤੇ ਨਵੇਂ ਬਿਜ਼ਨਸ ਨਿਵੇਸ਼ ਨੂੰ ਆਕਰਸਿ਼ਤ ਕਰਨਾ ਹੋਵੇਗਾ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਬੁੱਧਵਾਰ ਨੂੰ ਕਾਰਨੀ ਮਿਊਨਿਖ਼ ਸਕਿਊਰਿਟੀ ਕਾਨਫਰੰਸ ਲਈ ਰਵਾਨਾ ਹੋਣਗੇ। ਇਸ ਕਾਨਫਰੰਸ ਵਿੱਚ 60 ਦੇਸ਼ਾਂ ਦੇ ਮੁਖੀਆਂ ਤੇ ਸਰਕਾਰੀ ਆਗੂਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨਾਲ ਨੈਸ਼ਨਲ ਡਿਫੈਂਸ ਮੰਤਰੀ ਡੇਵਿਡ ਮੈਗਿੰਟੀ, ਵਿਦੇਸ਼ ਮੰਤਰੀ ਅਨੀਤਾ ਆਨੰਦ, ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਿਜੀਟਲ ਟਰਾਂਸਫੌਰਮੇਸ਼ਨ ਮੰਤਰੀ ਈਵਾਨ ਸੋਲੋਮਨ ਅਤੇ ਡਿਫੈਂਸ ਪ੍ਰੋਕਿਓਰਮੈਂਟ ਲਈ ਸੈਕਟਰੀ ਆਫ ਸਟੇਟ ਸਟੀਫਨ ਫੁਹਰ ਵੀ ਜਾਣਗੇ।

