ਆਪਣਾ ਪੰਜਾਬ ਮੀਡੀਆ : 70 ਸਾਲ ਪਹਿਲਾਂ ਸਤਲੁਜ ਦਰਿਆ ’ਤੇ ਬਣਦੇ ਭਾਖੜਾ ਡੈਮ ਅਤੇ ਬਿਆਸ ਦਰਿਆ ’ਤੇ ਉਸਾਰੇ ਪੌਂਗ ਡੈਮ ਸਮੇਤ ਹੋਰ ਪਾਣੀ ਬਿਜਲੀ ਸਿਸਟਮ ਨੂੰ ਸੰਭਾਲਣ ਵਾਲੇ ਵੱਡੇ ਅਦਾਰੇ, ਬੀਬੀਐਮਬੀ ਦੇ ਮਾਹਰ ਇੰਜੀਨੀਅਰ ਅੱਜਕਲ ਗਰਮੀਆਂ ਦੇ ਮੌਸਮ ਵਿਚ ਇਕ ਪਾਸੇ ਪੰਜਾਬ, ਹਰਿਆਣੇ ਅਤੇ ਰਾਜਸਥਾਨ ਵਾਸਤੇ ਪਾਣੀ ਦੀ ਪੂਰਤੀ ਵਿਚ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਪੰਜਾਬ ਵਿਚ ਬਿਜਲੀ ਪੂਰਤੀ ਦੀ ਮੰਗ ਯਾਨੀ 2200 ਮੈਗਾਵਾਟ ਲਈ ਜੂਝ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨਾਲ ਇਸ ਅਹਿਮ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਅਦਾਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਭਾਖੜਾ ਡੈਮ ਦੀ ਵੱਡੀ ਝੀਲ ਗੋਬਿੰਦ ਸਾਗਰ ਵਿਚ ਇਸ ਸਾਲ ਪਾਣੀ ਦਾ ਪੱਧਰ 1580 ਫੁੱਟ ਹੈ ਯਾਨੀ ਪਿਛਲੇ ਸਾਲ ਦੇ ਪੱਧਰ ਨਾਲੋਂ 45 ਫੁੱਟ ਜ਼ਿਆਦਾ ਹੈ ਜੋ ਕਾਫ਼ੀ ਤਸੱਲੀਬਖ਼ਸ਼ ਹੈ। ਉਨ੍ਹਾਂ ਦਸਿਆ ਕਿ ਬਿਆਸ ਦਰਿਆ ’ਤੇ ਉਸਾਰੇ ਡੈਮ ਤੋਂ ਬਣਾਈ ਝੀਲ ਦਾ ਪਾਣੀ ਪੱਧਰ ਅਤੇ ਰਾਵੀ ਦਰਿਆ ’ਤੇ ਬਣਾਏ ਥੀਨ ਡੈਮ ਦੀ ਰਣਜੀਤ ਸਾਗਰ ਝੀਲ ਦਾ ਪੱਧਰ ਵੀ ਠੀਕਠਾਕ ਹੈ।
ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਜਲ ਸਰੋਤ ਮਹਿਕਮੇ ਨੂੰ ਡਰ ਹੈ ਕਿ 2023 ਅਤੇ 2025 ਵਿਚ ਬਰਸਾਤ ਦੇ ਮੌਸਮ ਵਿਚ ਆਏ ਬੇਤਹਾਸ਼ਾ ਹੜ੍ਹਾਂ ਨਾਲ ਜੋ ਫ਼ਸਲਾਂ ਦੀ ਅਤੇ ਜ਼ਮੀਨ ਹੜ੍ਹਨ ਦੀ ਬਰਬਾਦੀ ਹੋਈ ਸੀ ਉਸ ਵਰਗੀ ਮਾੜੀ ਹਾਲਤ ਤੋਂ ਕਿਵੇਂ ਐਤਕੀ ਬਚਿਆ ਜਾ ਸਕਦਾ ਹੈ। ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਜੇ ਬਾਰਿਸ਼ਾਂ ਘੱਟ ਹੋਈਆਂ ਤਾਂ ਵੀ ਆਉਂਦੀ ਸਰਦੀ ਦੇ ਮਹੀਨੇ ਵਿਚ ਬਿਜਲੀ ਸੰਕਟ ਨਾਲ ਨਿਪਟਣ ਦਾ ਵੀ ਪ੍ਰਬੰਧ ਇਨ੍ਹਾਂ ਸਮਿਆਂ ਵਿਚ ਹੀ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਮੀਟਿੰਗ ਵਿਚ ਪਾਣੀ ਬਿਜਲੀ ਦੀ ਪੰਜਾਬ ਵਾਸਤੇ ਗੰਭੀਰ ਲੋੜ ਬਾਰੇ ਲੰਬੀ ਗੱਲਬਾਤ ਪਿਛਲੇ ਹਫ਼ਤੇ ਪਹਿਲਾਂ ਹੀ ਹੋ ਚੁੱਕੀ ਹੈ। ਬੀਬੀਐਮਬੀ ਦੇ ਸੂਤਰਾਂ ਨੇ ਦਸਿਆ ਕਿ ਮੌਸਮ ਵਿਭਾਗ ਨੇ ਬਾਰਿਸ਼ਾਂ ਸਬੰਧੀ ਬਾਰੀਕੀ ਨਾਲ ਰਿਪੋਰਟ 31 ਮਈ ਨੂੰ ਦੇਣੀ ਹੈ ਅਤੇ ਇਸ ਰਿਪੋਰਟ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ ਰਾਜਾਂ ਦੀ ਬਿਜਲੀ ਪਾਣੀ ਦੀ ਮੰਗ ਪੂਰੀ ਕਰਨ ਵਾਸਤੇ ਬੋਰਡ ਦੀ ਤਕਨੀਕੀ ਕਮੇਟੀ ਦੀ ਬੈਠਕ ਅਗਲੇ ਹਫ਼ਤੇ ਹੋਵੇਗੀ।
ਇਸ ਬੈਠਕ ਵਿਚ ਜੂਨ ਮਹੀਨੇ ਭਾਖੜਾ ਤੇ ਪੌਂਗ ਡੈਮ ਤੋਂ ਰੋਜ਼ਾਨਾ ਨਾ ਛੱਡਣ ਵਾਲੇ ਪਾਣੀ ਦੀ ਮਿਕਦਾਰ ਤੈਅ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਬੀਬੀਐਮਬੀ, ਸਤਲੁਜ ਤੇ ਬਿਆਸ ਦਰਿਆਵਾਂ ’ਤੇ ਉਸਾਰੇ ਡੈਮ ਯਾਨੀ ਭਾਖੜਾ ਡੈਮ, ਪੌਂਗ ਡੈਮ ਤੇ ਡੇਹਰ ਪਾਵਰ ਪਲਾਂਟ ਨੂੰ ਕੰਟਰੋਲ ਕਰਦਾ ਹੈ ਜਿਨ੍ਹਾਂ ਤੋਂ ਬਣਾਈ ਜਾਂਦੀ ਬਿਜਲੀ ਜੋ ਕੁਲ 3300 ਮੈਗਾਵਾਟ ਤੋਂ ਵੀ ਵੱਧ ਹੈ, ਦੀ ਵੰਡ ਪਹਿਲਾਂ ਹੀ ਤੈਅਸ਼ੁਦਾ ਨਿਯਮਾਂ ਮੁਤਾਬਕ ਕਰਦਾ ਹੈ। ਇਥੇ ਇਹ ਵੀ ਵੇਰਵਾ ਦੇਣਾ ਜ਼ਰੂਰੀ ਹੈ ਕਿ ਭਾਖੜਾ ਡੈਮ ਦੇ ਪਿਛੇ ਬਣਾਈ ਝੀਲ ਦਾ ਪਾਣੀ ਦਾ ਪੱਧਰ 1690 ਫੁੱਟ ਤਕ ਲਿਜਾਇਆ ਜਾ ਸਕਦਾ ਹੈ ਜਦੋਂ ਕਿ ਬਿਆਸ ਦਰਿਆ ’ਤੇ ਉਸਾਰੇ ਪੌਂਗ ਡੈਮ ਦੀ ਝੀਲ ਦਾ ਪੱਧਰ 1390 ਫੁੱਟ ਤਕ ਜਾ ਸਕਦਾ ਹੈ।

