ਆਪਣਾ ਪੰਜਾਬ ਮੀਡੀਆ : ਆਮ ਆਦਮੀ ਪਾਰਟੀ (ਆਪ) ਲਈ ਰਾਘਵ ਚੱਢਾ ਦਾ ਸਾਥ ਛੱਡਣਾ ਉਨ੍ਹਾਂ ਚਿੰਤਾਜਨਕ ਨਹੀਂ ਹੈ, ਜਿੰਨਾ ਸ਼ਾਂਤ ਅਤੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੰਦੀਪ ਪਾਠਕ ਦਾ ਪਾਰਟੀ ਤੋਂ ਕਿਨਾਰਾ ਕਰਨਾ। ਸਿਆਸੀ ਮਾਹਿਰਾਂ ਅਤੇ ਖ਼ੁਦ ‘ਆਪ’ ਦੇ ਅੰਦਰੂਨੀ ਹਲਕਿਆਂ ਵਿੱਚ ਇਹ ਚਰਚਾ ਆਮ ਹੈ ਕਿ ਰਾਘਵ ਚੱਢਾ ਭਾਜਪਾ ਲਈ ਸਿਰਫ਼ ‘ਚਮਕ-ਦਮਕ’ (ਗਲੈਮਰ) ਲਿਆ ਸਕਦੇ ਹਨ, ਪਰ ਸੰਦੀਪ ਪਾਠਕ ਉਹ ਸ਼ਖ਼ਸ ਹਨ ਜੋ ‘ਆਪ’ ਦੀ ਪੂਰੀ ਜਥੇਬੰਦਕ ਰਣਨੀਤੀ ਆਪਣੇ ਨਾਲ ਲੈ ਕੇ ਗਏ ਹਨ।
ਰਾਘਵ ਚੱਢਾ ਵੱਲੋਂ 63 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਫਿਲਹਾਲ ‘ਆਪ’ ਦੀ ਹਾਈਕਮਾਂਡ ਨੂੰ ਬਹੁਤਾ ਪਰੇਸ਼ਾਨ ਨਹੀਂ ਕਰ ਰਿਹਾ। ਪਾਰਟੀ ਦਾ ਮੰਨਣਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਦਲ-ਬਦਲੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਸਗੋਂ, ਚੱਢਾ ਦੇ ਇਸ ਦਾਅਵੇ ਨੇ ਵਿਧਾਇਕਾਂ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਹੈ। ਹੁਣ ਪਾਰਟੀ ਵਿਧਾਇਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ’ਤੇ ਪਾਇਆ ਜਾਣ ਵਾਲਾ ‘ਵਾਲੰਟੀਅਰਾਂ ਅਤੇ ਹਲਕਾ ਇੰਚਾਰਜਾਂ’ ਦਾ ਦਬਾਅ ਘਟਾ ਸਕਦੀ ਹੈ, ਜਿਸ ਨਾਲ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਕੰਮ ਕਰਨ ਦੀ ਵਧੇਰੇ ਖੁੱਲ੍ਹ ਮਿਲ ਸਕਦੀ ਹੈ।

