ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ; ਯੂਕਰੇਨ ਜੰਗ ਜਾਰੀ ਰਹਿਣ ਤੱਕ ਦੋਵਾਂ ਦੇਸ਼ਾਂ ਦੇ ਖਿਡਾਰੀ ਆਪਣੇ ਰਾਸ਼ਟਰੀ ਝੰਡੇ ਹੇਠ ਕੈਨੇਡਾ ਵਿੱਚ ਨਹੀਂ ਖੇਡ ਸਕਣਗੇ
ਓਟਾਵਾ — ਆਪਣਾ ਪੰਜਾਬ ਮੀਡੀਆ ਕੈਨੇਡਾ ਨੇ ਰੂਸ ਅਤੇ ਬੇਲਾਰੂਸ ਦੀਆਂ ਰਾਸ਼ਟਰੀ ਹਾਕੀ ਟੀਮਾਂ ਦੇ ਦੇਸ਼ ਵਿੱਚ ਦਾਖ਼ਲੇ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ’ਤੇ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਯੂਕਰੇਨ ਵਿਰੁੱਧ ਜੰਗ ਜਾਰੀ ਰਹਿੰਦੀ ਹੈ, ਦੋਵਾਂ ਦੇਸ਼ਾਂ ਦੇ ਖਿਡਾਰੀ ਕੈਨੇਡਾ ਵਿੱਚ ਆਪਣੇ ਰਾਸ਼ਟਰੀ ਝੰਡੇ ਹੇਠ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਸ ਫ਼ੈਸਲੇ ਕਾਰਨ ਦਸੰਬਰ ਵਿੱਚ ਅਲਬਰਟਾ ਵਿਖੇ ਹੋਣ ਵਾਲੀ ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ਵਿੱਚ ਰੂਸੀ ਟੀਮ ਦੀ ਸ਼ਮੂਲੀਅਤ ਨਹੀਂ ਹੋਵੇਗੀ।
ਕਾਰਨੀ ਨੇ ਐਂਟੀਗੁਆ ਵਿੱਚ ਰਾਸ਼ਟਰਮੰਡਲ ਦੇਸ਼ਾਂ ਦੇ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੂਸ ਅਤੇ ਬੇਲਾਰੂਸ ਯੂਕਰੇਨ ਵਿਰੁੱਧ ਗ਼ੈਰਕਾਨੂੰਨੀ ਅਤੇ ਅਣਉਚਿਤ ਜੰਗ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਹ ਸਥਿਤੀ ਜਾਰੀ ਰਹੇਗੀ, ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਕੈਨੇਡਾ ਵਿੱਚ ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਖੇਡਾਂ ਦੀ ਸਾਲਸੀ ਅਦਾਲਤ (CAS) ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਆਈਸ ਹਾਕੀ ਫੈਡਰੇਸ਼ਨ (IIHF) ਨੂੰ ਰੂਸੀ ਟੀਮਾਂ ਦੀ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵਾਪਸੀ ਦੀ ਇਜਾਜ਼ਤ ਦੇਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਇਸ ਫ਼ੈਸਲੇ ’ਤੇ ਇਤਰਾਜ਼ ਜਤਾਇਆ ਸੀ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਸ ਦਾ ਫ਼ੈਸਲਾ ਰੂਸ ਅਤੇ ਬੇਲਾਰੂਸ ਦੀਆਂ ਸਰਕਾਰਾਂ ਦੀ ਨੁਮਾਇੰਦਗੀ ਨੂੰ ਰੋਕਣ ਲਈ ਹੈ, ਨਾ ਕਿ ਉਨ੍ਹਾਂ ਦੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ।


