ਕ਼ੇਸ਼ਮ ਟਾਪੂ ’ਤੇ ਈਰਾਨੀ ਮਿਜ਼ਾਈਲ ਪ੍ਰਣਾਲੀਆਂ ਨੂੰ ਬਣਾਇਆ ਨਿਸ਼ਾਨਾ; ਅਮਰੀਕਾ ਨੇ ਕਾਰਵਾਈ ਨੂੰ ‘ਰੱਖਿਆਤਮਕ’ ਦੱਸਿਆ, ਤਹਿਰਾਨ ਨੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ
ਵਾਸ਼ਿੰਗਟਨ — ਆਪਣਾ ਪੰਜਾਬ ਮੀਡੀਆ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗੀ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਵਿੱਚ ਸਥਿਤ ਈਰਾਨ ਦੇ ਕ਼ੇਸ਼ਮ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਸੀਮਤ ਹਵਾਈ ਹਮਲੇ ਸਨ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਈਰਾਨ ਦੀਆਂ ਸਰਫੇਸ-ਟੂ-ਏਅਰ ਮਿਜ਼ਾਈਲ ਪ੍ਰਣਾਲੀਆਂ ਸਨ। ਅਮਰੀਕਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਪ੍ਰਣਾਲੀਆਂ ਰਾਹੀਂ ਈਰਾਨੀ ਫੌਜ ਨੇ ਜਲਡਮਰੂ ਨੇੜੇ ਅਮਰੀਕੀ ਫੌਜੀ ਜਹਾਜ਼ਾਂ ਅਤੇ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਰਿਪੋਰਟਾਂ ਅਨੁਸਾਰ ਇਹ ਹਮਲੇ 2 ਨਵੰਬਰ ਦੀ ਰਾਤ ਨੂੰ ਕੀਤੇ ਗਏ, ਜਦਕਿ ਈਰਾਨ ਦੇ ਸਰਕਾਰੀ ਮੀਡੀਆ ਨੇ ਕ਼ੇਸ਼ਮ ਅਤੇ ਹੇਂਗਮ ਟਾਪੂਆਂ ਸਮੇਤ ਬੰਦਰ ਅੱਬਾਸ ਨੇੜੇ ਧਮਾਕਿਆਂ ਦੀਆਂ ਖ਼ਬਰਾਂ ਦਿੱਤੀਆਂ। ਅਮਰੀਕੀ ਅਧਿਕਾਰੀਆਂ ਨੇ ਕਾਰਵਾਈ ਨੂੰ ਰੱਖਿਆਤਮਕ ਕਦਮ ਦੱਸਦਿਆਂ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਵੱਡੇ ਪੱਧਰ ’ਤੇ ਜੰਗੀ ਕਾਰਵਾਈ ਮੁੜ ਸ਼ੁਰੂ ਕਰਨਾ ਨਹੀਂ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬਾਅਦ ਵਿੱਚ ਇਸ ਨੂੰ ਸੀਮਤ ਹਮਲਾ ਕਰਾਰ ਦਿੱਤਾ।
ਇਹ ਕਾਰਵਾਈ ਅਮਰੀਕਾ ਦੀਆਂ 3 ਨਵੰਬਰ ਨੂੰ ਹੋਈਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਹੋਈ। ਟਰੰਪ ਪਹਿਲਾਂ ਕਹਿ ਚੁੱਕੇ ਸਨ ਕਿ ਚੋਣਾਂ ਤੋਂ ਪਹਿਲਾਂ ਈਰਾਨ ’ਤੇ ਹਮਲੇ ਨਹੀਂ ਕੀਤੇ ਜਾਣਗੇ। ਇਸ ਦੇ ਬਾਵਜੂਦ ਅਮਰੀਕੀ ਫੌਜ ਨੇ ਹੋਰਮੁਜ਼ ਖੇਤਰ ਵਿੱਚ ਸੀਮਤ ਕਾਰਵਾਈ ਕੀਤੀ। ਇਸ ਜੰਗ ਦਾ ਅਸਰ ਅਮਰੀਕਾ ਵਿੱਚ ਪੈਟਰੋਲ ਦੀਆਂ ਕੀਮਤਾਂ, ਵਿਸ਼ਵ ਊਰਜਾ ਬਾਜ਼ਾਰ ਅਤੇ ਕੌਮਾਂਤਰੀ ਵਪਾਰ ’ਤੇ ਵੀ ਪੈ ਰਿਹਾ ਹੈ।


