ਓਨਟਾਰੀਓ ਲਾਅ ਸੋਸਾਇਟੀ ਨੇ ਜਨਤਕ ਹਿੱਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਾਇਸੈਂਸ ‘ਤੇ ਪਾਬੰਦੀਆਂ ਜਾਂ ਮੁਅੱਤਲੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਟੋਰਾਂਟੋ: ਆਪਣਾ ਪੰਜਾਬ ਮੀਡਿਆ : ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਓਨਟਾਰੀਓ ਦੀ ਲਾਅ ਸੋਸਾਇਟੀ ਨੇ ਉਨ੍ਹਾਂ ਦੇ ਵਕਾਲਤ ਦੇ ਲਾਇਸੈਂਸ ਨੂੰ ਮੁਅੱਤਲ ਕਰਨ ਜਾਂ ਉਸ ‘ਤੇ ਪਾਬੰਦੀਆਂ ਲਗਾਉਣ ਲਈ ਅਰਜ਼ੀ ਦਾਇਰ ਕੀਤੀ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਗਰੇਵਾਲ ਦਾ ਲਾਇਸੈਂਸ ਜਾਰੀ ਰਹਿਣ ਨਾਲ ਲੋਕਾਂ ਅਤੇ ਨਿਆਂ ਪ੍ਰਣਾਲੀ ਦੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ।
ਗਰੇਵਾਲ ਵੱਲੋਂ ਸਥਾਪਿਤ ਲਾਅ ਫਰਮ ਪਹਿਲਾਂ ਹੀ ਕਰੋੜਾਂ ਡਾਲਰ ਦੀ ਕਥਿਤ ਧੋਖਾਧੜੀ ਅਤੇ ਜਾਇਦਾਦੀ ਲੈਣ-ਦੇਣ ਨਾਲ ਜੁੜੇ ਕਈ ਸਿਵਲ ਮੁਕੱਦਮਿਆਂ ਦੀ ਜਾਂਚ ਦੇ ਘੇਰੇ ਵਿੱਚ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ‘ਤੇ ਅਦਾਲਤ ਵੱਲੋਂ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਆਇਆ ਅਤੇ ਮਾਮਲੇ ਅਜੇ ਵੀ ਅਦਾਲਤੀ ਕਾਰਵਾਈ ਅਧੀਨ ਹਨ।
ਯਾਦ ਰਹੇ ਕਿ ਰਾਜ ਗਰੇਵਾਲ 2015 ਤੋਂ 2019 ਤੱਕ ਬ੍ਰੈਂਪਟਨ ਈਸਟ ਤੋਂ ਲਿਬਰਲ ਸੰਸਦ ਮੈਂਬਰ ਰਹੇ ਸਨ। 2023 ਵਿੱਚ ਉਨ੍ਹਾਂ ਖ਼ਿਲਾਫ਼ ਪਹਿਲਾਂ ਦੇ ਫੌਜਦਾਰੀ ਦੋਸ਼ ਅਦਾਲਤ ਵੱਲੋਂ ਖ਼ਾਰਜ ਕਰ ਦਿੱਤੇ ਗਏ ਸਨ, ਪਰ ਉਨ੍ਹਾਂ ਨਾਲ ਜੁੜੀਆਂ ਨਵੀਆਂ ਸਿਵਲ ਕਾਰਵਾਈਆਂ ਅਤੇ ਲਾਇਸੈਂਸ ਸਬੰਧੀ ਸੁਣਵਾਈ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਮੁੜ ਵਧਾ ਦਿੱਤੀਆਂ ਹਨ।


