ਸੇਂਟ ਮੈਰੀਜ਼ ਯੂਨੀਵਰਸਿਟੀ ਦੀ Melissa Stark ਨੇ ਕਿਹਾ—ਉਸਦੀ ਸ਼ਿਕਾਇਤ ਤੋਂ ਬਾਅਦ ਵੀ ਕਥਿਤ ਹਮਲਾਵਰ ਨੂੰ ਯੂਨੀਵਰਸਿਟੀ ਤੋਂ ਨਹੀਂ ਕੱਢਿਆ ਗਿਆ
ਹੈਲੀਫੈਕਸ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੀ ਕੌਰਨੈਲ ਯੂਨੀਵਰਸਿਟੀ ਨਾਲ ਜੁੜੇ ਕਥਿਤ ਸਮੂਹਿਕ ਜਿਨਸੀ ਹਮਲੇ ਦੇ ਮਾਮਲੇ ਨੇ ਕੈਨੇਡਾ ਵਿੱਚ ਵੀ ਪੁਰਾਣੇ ਮਾਮਲਿਆਂ ਬਾਰੇ ਚਰਚਾ ਛੇੜ ਦਿੱਤੀ ਹੈ। ਇਸੇ ਦੌਰਾਨ ਕੈਨੇਡੀਅਨ ਵਿਦਿਆਰਥਣ Melissa Stark ਨੇ ਆਪਣਾ ਤਜਰਬਾ ਜਨਤਕ ਕਰਦਿਆਂ ਦੱਸਿਆ ਕਿ ਉਸਨੇ 2023 ਵਿੱਚ ਹੈਲੀਫੈਕਸ ਦੀ Saint Mary’s University ਵਿੱਚ ਇੱਕ ਸਾਥੀ ਵਿਦਿਆਰਥੀ ਖ਼ਿਲਾਫ਼ ਜਿਨਸੀ ਹਮਲੇ ਦੀ ਸ਼ਿਕਾਇਤ ਕੀਤੀ ਸੀ।
Stark ਦੇ ਮੁਤਾਬਕ, ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਥਿਤ ਹਮਲਾਵਰ ਨੂੰ ਬਾਹਰ ਕਰਨ ਦੀ ਬਜਾਏ ਉਸ ਲਈ ਕਾਊਂਸਲਿੰਗ ਅਤੇ ਲਿਖਤੀ ਮੁਆਫ਼ੀ ਵਰਗੇ ਕਦਮ ਸੁਝਾਏ। ਉਸਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸਦੇ ਅਕਾਦਮਿਕ ਨਤੀਜਿਆਂ ਅਤੇ ਮਾਨਸਿਕ ਸਿਹਤ ’ਤੇ ਮਾੜਾ ਪ੍ਰਭਾਵ ਪਿਆ, ਜਦਕਿ ਉਸਦੇ ਦੋਸ਼ਾਂ ਵਿੱਚ ਨਾਮਜ਼ਦ ਵਿਦਿਆਰਥੀ ਨੇ ਬਾਅਦ ਵਿੱਚ ਆਨਰਜ਼ ਨਾਲ ਪੜ੍ਹਾਈ ਪੂਰੀ ਕੀਤੀ। ਉਸਦੇ ਮਾਮਲੇ ਵਿੱਚ ਦੋਵਾਂ ਵਿਚਕਾਰ ਸੰਪਰਕ ਰੋਕਣ ਲਈ ਨੋ-ਕਾਂਟੈਕਟ ਆਰਡਰ ਵੀ ਜਾਰੀ ਕੀਤਾ ਗਿਆ ਸੀ।
ਕੌਰਨੈਲ ਮਾਮਲੇ ਵਿੱਚ ਵੀ ਇੱਕ ਵਿਦਿਆਰਥਣ ਨੇ 2024 ਵਿੱਚ ਫ੍ਰੈਟਰਨਿਟੀ ਹਾਊਸ ਵਿੱਚ ਕਈ ਵਿਅਕਤੀਆਂ ਵੱਲੋਂ ਜਿਨਸੀ ਹਮਲੇ ਦੇ ਦੋਸ਼ ਲਗਾਏ ਹਨ। ਸਤੰਬਰ 2026 ਵਿੱਚ ਇਸ ਸਬੰਧੀ ਸਿਵਲ ਮੁਕੱਦਮਾ ਦਾਇਰ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਮੁੜ ਚਰਚਾ ਵਿੱਚ ਆਈ ਅਤੇ ਅਧਿਕਾਰੀਆਂ ਵੱਲੋਂ ਅਪਰਾਧਿਕ ਜਾਂਚ ਦੁਬਾਰਾ ਖੋਲ੍ਹੀ ਗਈ ਹੈ।


