ਆਪਣਾ ਪੰਜਾਬ ਮੀਡੀਆ : ਵਿਨੀਪੈਗ ਪੁਲਿਸ ਨੇ ਮੈਨੀਟੋਬਾ ਵਿੱਚ ਡਰੱਗ ਰੈਕਟ ਦਾ ਪਰਦਾਫਾਸ਼ ਕਰਨ ਲਈ ਸਭ ਤੋਂ ਵੱਡੀ ਕਾਰਵਾਈ ਕਰਦਿਆਂ 500 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕਰਕੇ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੱਗਭਗ ਦੋ ਸਾਲ ਚੱਲੀ ਇਸ ਜਾਂਚ ਨੂੰ “ਪ੍ਰੋਜੈਕਟ ਪਿਊਮਾ” ਦਾ ਨਾਮ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਇਸ ਨੈੱਟਵਰਕ ਦੇ ਸਬੰਧ ਉੱਤਰੀ ਅਮਰੀਕਾ ਦੇ ਵੱਡੇ ਸੰਗਠਿਤ ਅਪਰਾਧ ਗਿਰੋਹਾਂ ਨਾਲ ਸਨ, ਜਿਨ੍ਹਾਂ ਵਿੱਚ ਹੈੱਲਸ ਏਂਜਲ ਅਤੇ ਮੈਕਸੀਕਨ ਸੰਗਠਨ ਵੀ ਸ਼ਾਮਲ ਹਨ।
ਪੁਲਿਸ ਇੰਸਪੈਕਟਰ ਜੋਸ਼ ਇਵਾਤਸਕੀ ਨੇ ਦੱਸਿਆ ਕਿ 525 ਕਿਲੋਗ੍ਰਾਮ ਤੋਂ ਵੱਧ ਕੋਕੇਨ, ਫੈਂਟੈਨਿਲ ਅਤੇ ਮੈਥਐਮਫੇਟਾਮੀਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਬਜ਼ਾਰ ਵਿੱਚ ਕੀਮਤ ਲੱਗਭਗ 37.2 ਮਿਲੀਅਨ ਡਾਲਰ ਹੈ।ਇਸ ਮਾਮਲੇ ਵਿੱਚ ਕੁੱਲ 174 ਅਪਰਾਧਿਕ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਡਰੱਗ ਸਮਗਲਿੰਗ, ਸਾਜ਼ਿਸ਼ ਅਤੇ ਅਪਰਾਧ ਤੋਂ ਕਮਾਈ ਸ਼ਾਮਲ ਹੈ। ਸੱਤ ਦੋਸ਼ੀਆਂ ਨੇ ਆਪਣੇ ਅਪਰਾਧ ਕਬੂਲ ਕਰ ਲਏ ਹਨ ਅਤੇ ਉਨ੍ਹਾਂ ਨੂੰ ਤਿੰਨ ਤੋਂ 16 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ।
ਜਾਂਚ ਦੌਰਾਨ ਪੁਲਿਸ ਨੇ 14 ਹਥਿਆਰ, ਸੱਤ ਵਾਹਨ, ਲੱਗਭਗ 8.25 ਲੱਖ ਡਾਲਰ ਨਕਦ ਅਤੇ 13.5 ਲੱਖ ਤੋਂ ਵੱਧ ਗੈਰਕਾਨੂੰਨੀ ਸਿਗਰਟਾਂ ਵੀ ਬਰਾਮਦ ਕੀਤੀਆਂ। ਮੈਨੀਟੋਬਾ ਦੇ ਨਿਆਂ ਮੰਤਰੀ ਮੈਟ ਵਾਈਬ ਨੇ ਕਿਹਾ ਕਿ ਇਹ ਕਾਰਵਾਈ ਪ੍ਰੋਵਿੰਸਾ ਵਿੱਚ ਸੰਗਠਤ ਅਪਰਾਧ ਖ਼ਿਲਾਫ਼ ਇੱਕ ਸਖ਼ਤ ਸੰਦੇਸ਼ ਹੈ। ਪੁਲਿਸ ਅਨੁਸਾਰ ਇਹ ਨਸ਼ਾ ਜਾਲ ਮੈਨੀਟੋਬਾ ਅਤੇ ਉੱਤਰ-ਪੱਛਮੀ ਓਨਟਾਰੀਓ ਵਿੱਚ ਹਿੰਸਾ, ਨਸ਼ੇ ਦੀ ਲਤ ਅਤੇ ਅਪਰਾਧ ਨੂੰ ਵਧਾ ਰਿਹਾ ਸੀ।

