Punjab Vidhan Sabha Special Session: ਮਾਨ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਦੌਰਾਨ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਕੀਤਾ ਗਿਆ ਹਾਸਲ

News Online
2 Min Read

ਆਪਣਾ ਪੰਜਾਬ ਮੀਡਿਆ : ਆਪ’ ਸਰਕਾਰ ਨੇ ਸਿਆਸੀ ਟੁੱਟ-ਭੱਜ ਦੇ ਬਣੇ ਮਾਹੌਲ ਦਰਮਿਆਨ ਅੱਜ ਵਿਸ਼ੇਸ਼ ਇਜਲਾਸ ਦੌਰਾਨ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੁਣ ਭਰੋਸਗੀ ਦੇ ਮਤੇ ਦੀ ਕਾਪੀ ਸਮੇਤ 5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣਗੇ। ਉਹ ਇਸ ਮੁਲਾਕਾਤ ਦੌਰਾਨ ਦਲ ਬਦਲੀ ਵਿਰੋਧੀ ਕਾਨੂੰਨ ਦੀਆਂ ਸਖ਼ਤ ਤਜਵੀਜ਼ਾਂ ਜਾਂ ਰੀ-ਕਾਲ (ਰਾਜ ਸਭਾ ਮੈਂਬਰਾਂ ਨੂੰ ਵਾਪਸ ਸੱਦਣ) ਦੇ ਅਧਿਕਾਰ ਦੀ ਮੰਗ ਕਰਨਗੇ।

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸੱਦੇ ਵਿਸ਼ੇਸ਼ ਸੈਸ਼ਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਭਰੋਸਗੀ ਮਤਾ ਪੇਸ਼ ਕੀਤਾ। ਮਤੇ ’ਤੇ ਵੋਟਿੰਗ ਦੌਰਾਨ ‘ਆਪ’ ਦੇ 88 ਵਿਧਾਇਕਾਂ ਨੇ ਇਕਜੁੱਟਤਾ ਦਿਖਾਈ। ‘ਆਪ’ ਦੇ ਦੋ ਵਿਧਾਇਕ ਲਾਲਜੀਤ ਸਿੰਘ ਭੁੱਲਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਇਸ ਵੇਲੇ ਜੇਲ੍ਹ ’ਚ ਹਨ ਜਦੋਂ ਕਿ ਕੁੰਵਰ ਵਿਜੇ ਪ੍ਰਤਾਪ ਪਾਰਟੀ ’ਚੋਂ ਮੁਅੱਤਲ ਹਨ। ਗ਼ੈਰ-ਹਾਜ਼ਰ ਰਹਿਣ ਵਾਲਿਆਂ ’ਚ ਦਵਿੰਦਰਜੀਤ ਸਿੰਘ ਲਾਡੀ ਢੋਸ, ਜਸਵਿੰਦਰ ਸਿੰਘ ਰਾਮਦਾਸ ਅਟਾਰੀ ਅਤੇ ਮਨਜਿੰਦਰ ਸਿੰਘ ਲਾਲਪੁਰਾ ਸ਼ਾਮਲ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਤਿੰਨੋਂ ਵਿਧਾਇਕਾਂ, ਜੋ ਵਿਦੇਸ਼ ’ਚ ਹਨ ਜਾਂ ਇਲਾਜ ਅਧੀਨ ਹਨ, ਨੇ ਈਮੇਲ ਜ਼ਰੀਏ ਸਹਿਮਤੀ ਦਿੱਤੀ ਹੈ।

ਵੋਟਿੰਗ ਮੌਕੇ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਗ਼ੈਰ-ਹਾਜ਼ਰ ਰਹੇ। ਭਾਜਪਾ ਨੇ ਸੈਸ਼ਨ ਦਾ ਬਾਈਕਾਟ ਕੀਤਾ। ‘ਆਪ’ ਸਰਕਾਰ ਦੂਜੀ ਵਾਰ ਭਰੋਸਗੀ ਮਤਾ ਲੈ ਕੇ ਆਈ ਹੈ। ਪਹਿਲੀ ਵਾਰ ਮਤਾ ਸਾਲ 2022 ’ਚ ਲਿਆਂਦਾ ਗਿਆ ਸੀ। ਉਦੋਂ ‘ਆਪ’ ਨੇ ਭਾਜਪਾ ਉੱਤੇ ਅਪਰੇਸ਼ਨ ਲੋਟਸ ਦੇ ਦੋਸ਼ ਲਗਾਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਅਫ਼ਵਾਹਾਂ ਦੌਰਾਨ ਸਪਸ਼ਟਤਾ ਦੇਣ ਲਈ ਭਰੋਸਗੀ ਮਤਾ ਲਿਆਂਦਾ ਗਿਆ ਹੈ। ਸਾਲ 2027 ’ਚ ਮੁੜ ‘ਆਪ’ ਵੱਡੇ ਲੋਕ ਫ਼ਤਵੇ ਨਾਲ ਸੱਤਾ ’ਚ ਆਏਗੀ।

Share This Article
Leave a Comment

Leave a Reply